ਮੁੱਖ ਮੰਤਰੀ ਨੇ ਨਵੰਬਰ ਦੇ ਅੱਧ ਤੱਕ ‘ਦਾਸਤਾਨ-ਏ-ਸ਼ਹਾਦਤ’ ਥੀਮ ਪਾਰਕ ਤੇ ਹੈਰੀਟੇਜ ਸਟਰੀਟ ਦੇ ਉਦਘਾਟਨ ਦਾ ਕੀਤਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਐਲਾਨ ਕੀਤਾ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ‘ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ’ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਂਦਾ ਅਤਿ ਆਧੁਨਿਕ ‘ਦਾਸਤਾਨ-ਏ-ਸ਼ਹਾਦਤ’ (ਥੀਮ ਪਾਰਕ) ਅਤੇ ਹੈਰੀਟੇਜ ਸਟਰੀਟ ਦਾ ਉਦਘਾਟਨ ਨਵੰਬਰ ਦੇ ਅੱਧ ਤੱਕ ਕੀਤਾ ਜਾਵੇਗਾ। ਇਸ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਥੀਮ ਪਾਰਕ ਵਿੱਚ ਅਤਿ-ਆਧੁਨਿਕ ਉਪਕਰਣ ਜਿਵੇਂ ਕਿ ਰਿਵਾਲਵਿੰਗ ਥੀਏਟਰ, ਡੋਮ, ਸਟੈਟਿਕ ਸੈੱਟ, ਲਾਈਵ ਐਕਸ਼ਨ ਸਟੂਡੀਓ, ਸੈੱਟ ਅਤੇ ਲਾਈਵ ਸ਼ੂਟ ਦਾ ਮਿਸ਼ਰਣ, ਡਬਲ ਸਕਰੀਨਾਂ ਵਾਲੀ 270 ਡਿਗਰੀ ਸਕ੍ਰੀਮ ਪ੍ਰੋਜੇਕਸ਼ਨ ਸਕਰੀਨ, ਸੈੱਟ ਸਮੇਤ ਕੰਧ ਚਿੱਤਰ, ਰਿਵਾਲਵਿੰਗ ਟੇਬਲ ਨਾਲ 360 ਡਿਗਰੀ ਸਕ੍ਰੀਨ, ਪ੍ਰੋਜੈਕਸ਼ਨ ਨਾਲ ਹੋਲੋਗ੍ਰਾਮ, 270 ਡਿਗਰੀ ਮੈਪਿੰਗ ਅਤੇ 3ਡੀ ਐਨੀਮੇਸ਼ਨ ਨਾਲ ਲੈਸ 11 ਗੈਲਰੀਆਂ ਹੋਣਗੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਉਦਘਾਟਨ ਪੂਰੇ ਧੂਮ-ਧਾਮ (ਖਾਲਸਾਈ ਜਾਹੋ ਜਲਾਲ) ਨਾਲ ਕੀਤਾ ਜਾਵੇਗਾ ਅਤੇ ਇਸ ਮੈਗਾ ਸਮਾਗਮ ਲਈ ਹਰ ਵਰਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਹੋਰ ਧਰਮਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ।