ਸਰਕਾਰੀ ਦਫ਼ਤਰਾਂ ‘ਚ ਸਿਰਫ਼ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਹੀ ਮਿਲੇਗੀ ਐਂਟਰੀ

ਜਲੰਧਰ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਕਿਹਾ ਕਿ ਸੇਵਾ ਕੇਂਦਰਾਂ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਸਿਰਫ਼ ਮੁਕੰਮਲ ਟੀਕਾਕਰਨ ਵਾਲੇ ਵਿਅਕਤੀਆਂ ਨੂੰ ਹੀ ਨਾਗਰਿਕ ਕੇਂਦਰਿਤ ਸੇਵਾਵਾਂ ਦਾ ਲਾਭ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਕਿਉਂਕਿ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰਨ ਵਾਲੇ ਵਿਅਕਤੀ ਹੀ ਜਲੰਧਰ ਵਿੱਚ ਸਰਕਾਰੀ ਦਫ਼ਤਰਾਂ ‘ਚ ਦਾਖ਼ਲ ਹੋ ਸਕਣਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਕਾਰਡ ਅਨੁਸਾਰ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਆਪਣੀ ਦੂਜੀ ਖੁਰਾਕ ਪ੍ਰਾਪਤ ਕਰਨ ਤੋਂ ਰਹਿੰਦੇ ਹਨ, ਜੋ ਕਿ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਵਿੱਚ ਵੱਡੀ ਰੁਕਾਵਟ ਹੈ।ਉਨ੍ਹਾਂ ਕਿਹਾ ਕਿ ਮੁਕੰਮਲ ਟੀਕਾਕਰਨ ਕਰਵਾ ਚੁੱਕੇ, ਵੈਕਸੀਨ ਦੀ ਇਕ ਖੁਰਾਕ ਪ੍ਰਾਪਤ ਵਿਅਕਤੀ ਅਤੇ ਗੈਰ ਟੀਕਾਕਰਨ ਵਾਲੇ ਲੋਕਾਂ ਦਾ ਜਨਤਕ ਥਾਵਾਂ ‘ਤੇ ਆਪਸ ਵਿੱਚ ਮਿਲਣਾ ਇਕ ਗੰਭੀਰ ਸਿਹਤ ਸੰਕਟ ਵਿੱਚ ਤਬਦੀਲ ਹੋ ਸਕਦਾ ਹੈ। ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਸਿਰਫ਼ ਮੁਕੰਮਲ ਟੀਕਾਕਰਨ (ਦੋਵੇਂ ਖੁਰਾਕਾਂ ਪ੍ਰਾਪਤ) ਵਾਲੇ ਵਿਅਕਤੀਆਂ ਨੂੰ ਹੀ ਸਰਕਾਰੀ ਦਫ਼ਤਰਾਂ ਅਤੇ ਜਨਤਕ ਥਾਵਾਂ ‘ਤੇ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਵੱਲੋਂ ਸੇਵਾ ਕੇਂਦਰਾਂ ਅਤੇ ਹੋਰ ਵਿਭਾਗਾਂ ਦੀ ਰਿਸੈਪਸ਼ਨ ਵਿਖੇ ਆਉਣ ਵਾਲੇ ਵਿਅਕਤੀਆਂ ਦੇ ਟੀਕਾਕਰਨ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਢੁੱਕਵੀਂ ਤਸਦੀਕ ਉਪਰੰਤ ਇਨ੍ਹਾਂ ਦਫ਼ਤਰਾਂ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ।

Leave a Reply

Your email address will not be published. Required fields are marked *