ਕੈਪਟਨ ਲਈ ਵੱਡੀ ਚੁਣੌਤੀ ਬਣੇ ਆਪਣੀ ਹੀ ਪਾਰਟੀ ਦੇ ਉਮੀਦਵਾਰ, ‘ਕਮਲ’ ਲਈ ਵਧਿਆ ਪਿਆਰ

ਚੰਡੀਗੜ੍ਹ : ਪੰਜਾਬ ਵਿੱਚ 20 ਫਰਵਰੀ, 2022 ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਤਿੰਨ ਮਹੀਨੇ ਪਹਿਲਾਂ ਕੈਪਟਨ ਨੇ ਕਾਂਗਰਸ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਇਸ ਵਾਰ ਉਹ ਭਾਜਪਾ ਨਾਲ ਗਠਜੋੜ ਕਰਕੇ ਚੋਣ ਲੜ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਪਟਨ ਨੂੰ 37 ਸੀਟਾਂ ’ਤੇ ਚੋਣ ਲੜਨ ਲਈ ਚੰਗੇ ਉਮੀਦਵਾਰ ਦੀ ਭਾਲ ਕਰਨ ’ਚ ਬਹੁਤ ਜੱਦੋ ਜਹਿਦ ਕਰਨੀ ਪਈ। ਕੈਪਟਨ ਦੇ ਉਮੀਦਵਾਰ ਉਸ ਦੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਦੀ ਥਾਂ ਕਮਲ ਦੇ ਫੁੱਲ ’ਤੇ ਚੋਣ ਲੜਨਾ ਚਾਹੁੰਦੇ ਸਨ ਅਤੇ ਕੈਪਟਨ ਨੂੰ ਮਜ਼ਬੂਰਨ ਕਈ ਉਮੀਦਵਾਰਾਂ ਅੱਗੇ ਝੁਕਣਾ ਵੀ ਪਿਆ।

ਇਕ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਮੁਤਾਬਕ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ (PLC) ਦੇ ਆਪਣੇ ਆਗੂ ਉਨ੍ਹਾਂ ਦੇ ਚੋਣ ਨਿਸ਼ਾਨ ‘ਤੇ ਲੜਨ ਲਈ ਤਿਆਰ ਨਹੀਂ ਹਨ। ਅਖ਼ਬਾਰ ਮੁਤਾਬਕ ਪੀ.ਐੱਲ.ਸੀ. ਦੇ ਜਨਰਲ ਸਕੱਤਰ ਕਮਲਦੀਪ ਸਿੰਘ ਸੈਣੀ ਸਮੇਤ ਘੱਟੋ-ਘੱਟ ਪੰਜ ਨੇਤਾਵਾਂ ਨੇ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਉਮੀਦਵਾਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਕੋਟੇ ਦੀਆਂ ਤਿੰਨ ਸੀਟਾਂ ਭਾਜਪਾ ਨੂੰ ਦੇਣੀਆਂ ਪਈਆਂ। ਜ਼ਿਆਦਾਤਰ ਉਮੀਦਵਾਰ ਸਿਆਸਤ ਦੇ ਨਵੇਂ ਖਿਡਾਰੀ ਹਨ, ਜਦਕਿ ਕੈਪਟਨ ਦੇ ਕੁਝ ਪ੍ਰਮੁੱਖ ਸਹਿਯੋਗੀ ਹੁਣ ਉਨ੍ਹਾਂ ਦੇ ਨਾਲ ਨਹੀਂ ਹਨ।

Leave a Reply

Your email address will not be published. Required fields are marked *