ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੀ. ਜੀ. ਆਈ. ਲਿਜਾਇਆ ਗਿਆ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਮਾਮੂਲੀ ਨਾ-ਸਾਜ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਪੀ. ਜੀ. ਆਈ. ਚੈੱਕਅਪ ਲਈ ਲਿਜਾਇਆ ਗਿਆ ਹੈ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਦਾਰ ਬਾਦਲ ਨੂੰ ਹਲਕੀ ਥਕਾਵਟ ਅਤੇ ਕਮਜ਼ੋਰੀ ਹੈ ਅਤੇ ਰੂਟੀਨ ਚੈੱਕਅਪ ਲਈ ਉਨ੍ਹਾਂ ਨੂੰ ਪੀ. ਜੀ. ਆਈ. ਲਿਆਂਦਾ ਜਾ ਰਿਹਾ ਹੈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਮਹਾਮਾਰੀ ਨੂੰ ਹਰਾ ਕੇ ਦਰੁਸਤ ਹੋਏ ਹਨ, ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਸੀ, ਜਿਸ ਕਾਰਣ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ।
ਯਾਦ ਰਹੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਵੀ ਲੰਬੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ, ਇਸ ਤੋਂ ਇਲਾਵਾ ਉਹ ਲੰਬੀ ਤੋਂ ਮੌਜੂਦਾ ਵਿਧਾਇਕ ਵੀ ਹਨ। ਚੋਣਾਂ ਕਾਰਣ ਬਾਦਲ ਵਲੋਂ ਲੰਬੀ ਹਲਕੇ ’ਚ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ ਪਰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਪ੍ਰਚਾਰ ਪ੍ਰੋਗਰਾਮ ਘਟਾ ਦਿੱਤੇ ਗਏ ਸਨ।