ਅਬੋਹਰ ਦੇ ਵਿਦਿਆਰਥੀ ਯੂਕਰੇਨ ’ਚ ਫਸੇ: ਪਰਿਵਾਰ ਪ੍ਰੇਸ਼ਾਨ

ਫਾਜ਼ਿਲਕਾ: ਯੂਕਰੇਨ ’ਚ ਅਬੋਹਰ ਦੇ ਕਈ ਵਿਦਿਆਰਥੀ ਫਸੇ ਹੋਏ ਹਨ, ਜਿਸ ਕਾਰਨ ਮਾਪੇ ਕਾਫ਼ੀ ਚਿੰਤਤ ਹਨ। ਉਹ ਆਪਣੇ ਬੱਚਿਆਂ ਦੇ ਲਈ ਸੁਰੱਖਿਅਤ ਪਰਤਨ ਦੀ ਅਰਦਾਸ ਕਰ ਰਹੇ ਹਨ। ਅਬੋਹਰ ਦੇ ਮੁਹੱਲਾ ਭਗਵਾਨਪੁਰਾ ਵਾਸੀ ਸੇਵਾਮੁਕਤ ਪ੍ਰਿੰਸੀਪਲ ਗੁਰਚਰਨ ਸਿੰਘ ਦਾ ਬੇਟਾ ਹਰਜਿੰਦਰ ਸਿੰਘ ਯੂਕਰੇਨ ’ਚ ਹੈ। ਉਨ੍ਹਾਂ ਦੀ ਵੀਰਵਾਰ ਨੂੰ ਵੀ ਆਪਣੇ ਬੇਟੇ ਨਾਲ ਗੱਲ ਹੋਈ ਹੈ। ਉਨ੍ਹਾਂ ਦੱਸਿਆ ਕਿ ਦਹਿਸ਼ਤ ਹੈ ਅਤੇ ਬੱਚੇ ਡਰੇ ਹੋਏ ਹਨ। ਉਸ ਦੇ ਬੇਟੇ ਦੀ 26 ਫਰਵਰੀ ਨੂੰ ਵਾਪਸੀ ਲਈ ਫਲਾਈਟ ਹੈ, ਜਿਸ ਲਈ ਉਹ ਆਪਣੇ ਬੇਟੇ ਦੇ ਸਹੀ ਸਲਾਮਤ ਭਾਰਤ ਪਹੁੰਚਣ ਦੀ ਅਰਦਾਸ ਕਰ ਰਹੇ ਹਨ। ਨਾਨਕ ਨਗਰੀ ਵਾਸੀ ਰਾਜੂ ਵਿਜ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀਕਸ਼ਾ ਵੀ ਯੂਕਰੇਨ ’ਚ ਐੱਮਬੀਬੀਐੱਸ ਕਰ ਰਹੀ ਹੈ ਅਤੇ ਉਸ ਦਾ ਦੂਸਰਾ ਸਾਲ ਹੈ। ਬੇਟੀ ਦਸੰਬਰ ’ਚ ਹੀ ਇੱਥੋਂ ਦੁਬਾਰਾ ਗਈ ਹੈ। ਵੀਰਵਾਰ ਨੂੰ ਬੇਟੀ ਨਾਲ ਹੋਈ ਗੱਲਬਾਤ ਮੁਤਾਬਕ ਭਾਰਤੀ ਦੂਤਾਵਾਸ ਨੇ ਸਾਰਿਆਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ ’ਤੇ ਸ਼ਿਫਟ ਕਰ ਦਿੱਤਾ ਹੈ। ਦੋ ਦਿਨ ਪਹਿਲਾਂ ਹੀ ਯੂਕਰੇਨ ਤੋਂ ਪਰਤੇ ਅਬੋਹਰ ਦੀ ਤਾਰਾ ਅਸਟੇਟ ਕਲੋਨੀ ਵਾਸੀ ਬਿੱਟੂ ਸੋਨੀ ਦੀ ਬੇਟੀ ਹੀਨਾ ਸੋਨੀ ਅਤੇ ਇਸੇ ਕਲੋਨੀ ਦੇ ਰਹਿਣ ਵਾਲੇ ਯੁਵਰਾਜ ਭਾਦੂ ਨੇ ਦੱਸਿਆ ਕਿ ਉਹ ਦੋਵੇਂ ਯੂਕਰੇਨ ਦੇ ਲਬੀਬ ਸੂਬੇ ’ਚ ਸਥਿਤ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਐੱਮਬੀਬੀਐੱਸ ਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਸਨ।
ਯੂਕਰੇਨ ਤੋਂ ਜਹਾਜ਼ ਰਾਹੀਂ ਦਿੱਲੀ ਹੁੰਦੇ ਹੋਏ ਅਬੋਹਰ ਪੁੱਜੀ ਹਿਨਾ ਨੇ ਦੱਸਿਆ ਕਿ ਜਹਾਜ਼ ਫੜ੍ਹਨ ਦੇ ਲਈ ਉਨ੍ਹਾਂ ਨੂੰ ਲਬੀਬ ਤੋਂ ਟ੍ਰੇਨ ਦੇ ਰਾਹੀਂ 1500 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਇਸ ਦੌਰਾਨ ਰਸਤੇ ’ਚ ਕਿਧਰੇ ਵੀ ਜੰਗ ਵਰਗੇ ਹਾਲਾਤ ਨਜ਼ਰ ਨਹੀਂ ਆਏ। ਹਿਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਯੂਕਰੇਨ ਤੋਂ ਭਾਰਤ ਆਉਣ ਦੇ ਲਈ ਦੁੱਗਣਾ ਕਿਰਾਇਆ ਭਰਨਾ ਪਿਆ। ਇਸ ਤੋਂ ਪਹਿਲਾਂ ਉਹ ਯੂਕਰੇਨ ਤੋਂ ਨਵੀਂ ਦਿੱਲੀ ਦੇ ਲਈ ਸਿਰਫ਼ 300 ਡਾਲਰ ’ਚ ਟਿਕਟ ਖਰੀਦਦੀ ਰਹੀ ਹੈ।