ਯੋਗਾ ਸਾਧ ਰਾਮਦੇਵ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਾਕਮ ਸਿੰਘ ਤੇ ਸਿਮਰਨਜੀਤ ਕੌਰ ਗਿੱਲ ਅਤੇ ਆਰਟੀਆਈ ਕਾਰਕੁੰਨ ਪਰਵਿੰਦਰ ਸਿੰਘ ਕਿੱਤਣਾ, ਕੁਲਦੀਪ ਸਿੰਘ ਖਹਿਰਾ ਨੇ ਸਾਂਝੇ ਤੌਰ ‘ਤੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਸ਼ਿਕਾਇਤ ਭੇਜ ਕੇ ਰਾਮਦੇਵ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਸਾਧ ਰਾਮਦੇਵ ਨੇ ਕੋਰੋਨਾ ਦੇ ਇਲਾਜ ਦੀ ਦਵਾਈ ਤਿਆਰ ਕਰਨ ਦੇ ਦਾਅਵੇ ਕੇਂਦਰ ਸਰਕਾਰ ਦੀ ਆਯੂਸ਼ ਮਨਿਸਟਰੀ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੂੰ ਬਿਨਾਂ ਭਰੋਸੇ ਵਿਚ ਲਏ ਕੀਤੇ ਹਨ। ਅਜਿਹਾ ਕਰਨਾ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਹੈ।
ਰਾਮਦੇਵ ਨੇ ਇਹ ਦਾਅਵੇ ਕਰਕੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 420, 270, 276 ਅਤੇ 188, ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਐਕਟ 1954 ਦੀ ਧਾਰਾ 7 ਅਤੇ ਇਨਫਰਮੇਸ਼ਨ ਐਂਡ ਟੈਕਨਾਲੋਜੀ ਐਕਟ 2000 ਦੀ ਧਾਰਾ 66(4) ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਜਾਵੇ।
ਜਾਣਕਾਰੀ ਅਨੁਸਾਰ, ਡੀਜੀਪੀ ਦਫ਼ਤਰ ਨੇ ਇਨ੍ਹਾਂ ਕਾਰਕੁਨਾਂ ਦੀ ਸ਼ਿਕਾਇਤ ਅਗਲੇਰੀ ਕਾਰਵਾਈ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਭੇਜ ਦਿੱਤੀ ਹੈ। ਸਮਾਜ ਸੇਵੀ ਕੁਲਦੀਪ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ ਸਮੇਂ ਚ ਕੋਰੋਨਾ ਦੇ ਇਲਾਜ ਲਈ ਦਵਾਈ ਤਿਆਰ ਕਰਨ ਦੇ ਦਾਅਵੇ ਕਰਨ ਵਾਲੇ ਕਈ ਵਿਅਕਤੀਆਂ ‘ਤੇ ਮੁਕੱਦਮੇ ਦਰਜ ਹੋਏ ਹਨ ਤੇ ਇਸੇ ਤਰ੍ਹਾਂ ਸਾਧ ਰਾਮਦੇਵ ‘ਤੇ ਵੀ ਹੋਣਾ ਚਾਹੀਦਾ ਹੈ।