ਮੁਫ਼ਤ ਬੱਸ ਸਫ਼ਰ ਸਹੂਲਤ ਨੇ ਪੀਆਰਟੀਸੀ ਦਾ ‘ਧੂੰਆਂ’ ਕੱਢਿਆ

ਪਟਿਆਲਾ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਗਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਪੀਆਰਟੀਸੀ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਭਾਰੂ ਪੈ ਰਹੀ ਹੈ। ਸੂਬਾ ਸਰਕਾਰ ਵੱਲੋਂ ਔਰਤਾਂ ਦੇ ਸਫ਼ਰ ਸਬੰਧੀ ਬਣਦੀ ਅਦਾਇਗੀ ਸਮੇਂ ਸਿਰ ਅਦਾਰੇ ਨੂੰ ਨਾ ਕਰਨ ਕਰਕੇ ਵਿੱਤੀ ਸੰਕਟ ਖੜ੍ਹਾ ਹੋ ਗਿਆ ਹੈ। ਆਲਮ ਇਹ ਹੈ ਕਿ ਇਸ ਅਦਾਇਗੀ ਤਹਿਤ ਸਰਕਾਰ ਵੱਲ 130 ਕਰੋੜ ਰੁਪਏ ਬਕਾਇਆ ਬਣ ਗਿਆ ਹੈ ਤੇ ਅਦਾਰਾ ਇਸ ਵੇਲੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਰਾਂ ਦੀਆਂ ਬਣਦੀਆਂ ਅਦਾਇਗੀਆਂ ਕਰਨ ਤੋਂ ਵੀ ਅਸਮਰੱਥ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਐਲਾਨੀ ਸਹੂਲਤ ਨਾਲ ਸਰਕਾਰੀ ਬੱਸਾਂ ਦੀ ਸਵਾਰੀ ਜ਼ਰੂਰ ਵਧੀ ਹੈ, ਪਰ ਇਸ ਰਕਮ ਦੀ ਸਰਕਾਰ ਵੱਲੋਂ ਅਦਾਰੇ ਨੂੰ ਅਦਾਇਗੀ ’ਚ ਦੇਰੀ ਹੋਣ ਕਾਰਨ ਦਿਕਤਾਂ ਖੜ੍ਹੀਆਂ ਹੋ ਰਹੀਆਂ ਹਨ, ਜਿਸ ਕਾਰਨ ਹੀ ਅਪਰੈਲ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾ ਸਕੀ। ਵਰਕਰ ਯੂਨੀਅਨ ਨੇ ਪ੍ਰਧਾਨ ਨਿਰਮਲ ਧਾਲੀਵਾਲ ਦੀ ਅਗਵਾਈ ਹੇਠ ਪ੍ਰਦਰਸ਼ਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਪੈਨਸ਼ਨਰ ਐਸੋਸੀਏਸ਼ਨ ਦੇ ਬੁਲਾਰੇ ਹਰੀ ਸਿੰਘ ਚਮਕ ਦੱਸਦੇ ਹਨ ਕਿ ਪੈਨਸ਼ਨਾਂ ਨਾ ਮਿਲਣ ਕਰਕੇ ਪੈਨਸਨਰਜ਼ ਵੀ ਮੁਜ਼ਾਹਰੇ ਦਾ ਪ੍ਰੋਗਰਾਮ ਉਲੀਕ ਰਹੇ ਹਨ।

ਜਾਣਕਾਰੀ ਅਨੁਸਾਰ ਅਦਾਰੇ ਦੇ ਕਰੀਬ ਚਾਰ ਹਜ਼ਾਰ ਮੁਲਾਜ਼ਮਾਂ ਅਤੇ ਸਾਢੇ ਚਾਰ ਹਜ਼ਾਰ ਪੈਨਸ਼ਨਰਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਲਈ ਹਰ ਮਹੀਨੇੇ 25 ਕਰੋੜ ਰੁਪਏ ਲੋੜੀਂਦੇ ਹੁੰਦੇ ਹਨ। ਪੀਆਰਟੀਸੀ ਕੋਲ 1300 ਬੱਸਾਂ ਰਾਹੀਂ ਰੋਜ਼ਾਨਾ ਦੋ ਕਰੋੜ ਮਾਲੀਆ ਇਕੱਠਾ ਹੁੰਦਾ ਹੈ ਤੇ ਲਗਪਗ 80 ਲੱਖ ਰੁਪਏ ਰੋਜ਼ਾਨਾ ਔਰਤਾਂ ਦੇ ਸਫ਼ਰ ਦਾ ਬਕਾਇਆ ਜੁੜਦਾ ਹੈ। ਇਸ ਦੇ ਨਾਲ 80 ਲੱਖ ਰੁਪਏ ਰੋਜ਼ਾਨਾ ਡੀਜ਼ਲ ’ਤੇ ਖਰਚ ਹੁੰਦੇ ਹਨ ਤੇ ਇਸ ਤਰ੍ਹਾਂ ਲਗਪਗ 50 ਲੱਖ ਰੁਪਏ ਰੋਜ਼ਾਨਾ ਨਕਦੀ ਬਚਦੀ ਹੈ, ਜਿਸ ਵਿੱਚੋਂ ਹੋਰ ਖਰਚੇ ਵੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਮਹੀਨੇ ’ਚ 15 ਕਰੋੜ ਰੁਪਏ ਦੀ ਬੱਚਤ ਹੁੰਦੀ ਹੈ।

ਮੁਲਾਜ਼ਮ ਆਗੂ ਨਿਰਮਲ ਧਾਲੀਵਾਲ ਅਤੇ ਹਰੀ ਸਿੰਘ ਚਮਕ ਤੇ ਬਲਦੇਵ ਰਾਜ ਸ਼ਰਮਾ ਨੇ ਮੰਗ ਰੱਖੀ ਹੈ ਕਿ ਸਰਕਾਰ ਇਹ ਅਦਾਇਗੀ ਹਰ ਮਹੀਨੇ ਯਕੀਨੀ ਬਣਾਵੇ ਤਾਂ ਜੋ ਤਨਖ਼ਾਹਾਂ ਸਮੇਂ ਸਿਰ ਮਿਲ ਸਕਣ। ਐੱਮਡੀ ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਜਲਦੀ ਹੀ ਫੰਡ ਜਾਰੀ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *