ਨਵਜੋਤ ਸਿੱਧੂ ਵਾਲੀ ਬੈਰਕ ’ਚ ਨਸ਼ਾ ਤਸਕਰ ਵੀ ਬੰਦ

ਪਟਿਆਲਾ: ਆਪਣੇ ਸਿਆਸੀ ਜੀਵਨ ਦੌਰਾਨ ਨਸ਼ਿਆਂ ਦਾ ਮਸਲਾ ਜ਼ੋਰ-ਸ਼ੋਰ ਨਾਲ ਉਠਾਉਂਦੇ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੀ ਜਿਸ ਲਾਇਬ੍ਰੇਰੀ ਬੈਰਕ ਨੰਬਰ 10 ’ਚ ਰੱਖਿਆ ਗਿਆ ਉਸ ਵਿੱਚ ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਨਾਲ ਸਬੰਧਤ ਕੇਸ ਦਾ ਮੁਲਜ਼ਮ ਵੀ ਬੰਦ ਹੈ। ਜੇਲ੍ਹ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਵੱਡੀ ਕੁਤਾਹੀ ਵਜੋਂ ਦੇਖਿਆ ਜਾ ਰਿਹਾ ਹੈ।

ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸਾਬਕਾ ਪੁਲੀਸ ਮੁਲਾਜ਼ਮ ਇੰਦਰਜੀਤ ਸਿੰਘ ਕਥਿਤ ਤੌਰ ’ਤੇ ਨਸ਼ਾ ਤਸਕਰਾਂ ਦੇ ਵੱਡੇ ਗੱਠਜੋੜ ਵਿੱਚ ਸ਼ਾਮਲ ਹੋਣ ਸਬੰਧੀ ਕੇਸ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿੱਚ ਕਈ ਉੱਚ ਅਫਸਰ ਵੀ ਸ਼ਾਮਲ ਦੱਸੇ ਜਾਂਦੇ ਹਨ ਤੇ ਇਨ੍ਹਾਂ ’ਚੋਂ ਕਈ ਅਜੇ ਵੀ ਡਿਊਟੀ ’ਤੇ ਤਾਇਨਾਤ ਹਨ। ਉਸ ਨੂੰ ਬੀਤੇ ਦਿਨ ਨਵਜੋਤ ਸਿੱਧੂ ਵਾਲੀ ਬੈਰਕ ਵਿੱਚ ਰੱਖਿਆ ਗਿਆ ਸੀ ਪਰ ਪੁੱਛ-ਪੜਤਾਲ ਤੋਂ ਬਾਅਦ ਉਸ ਦੀ ਬੈਰਕ ਬਦਲ ਦਿੱਤੀ ਗਈ।

ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਨੇ ਬਰਖਾਸਤ ਕੀਤੇ ਗਏ ਸੀਆਈਏ ਇੰਸਪੈਕਟਰ ਇੰਦਰਜੀਤ ਸਿੰਘ ਦੀ ਰਿਹਾਇਸ਼ ਤੋਂ 2017 ਵਿੱਚ ਗੈਰਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਉਸ ਨੂੰ ਉਸੇ ਬੈਰਕ ’ਚ ਰੱਖਿਆ ਗਿਆ ਸੀ ਜਿੱਥੇ ਬੀਤੇ ਦਿਨ ਸਿੱਧੂ ਨੂੰ ਰੱਖਿਆ ਗਿਆ ਸੀ। ਨਵਜੋਤ ਸਿੱਧੂ ਪਿਛਲੇ ਕੁਝ ਸਾਲਾਂ ਤੋਂ ਨਸ਼ਿਆਂ ਦਾ ਮੁੱਦਾ ਉਠਾਉਂਦੇ ਰਹੇ ਹਨ ਅਤੇ ਉਹ ਡਰੱਗ ਮਾਫੀਆ ਤੇ ਉਨ੍ਹਾਂ ਦੇ ਸਰਗਣਿਆਂ ਤੇ ਇੱਥੋਂ ਤੱਕ ਕਿ ਪੁਲੀਸ ਵਿਭਾਗ ਅੰਦਰਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਰਹੇ ਹਨ।

ਜੇਲ੍ਹ ਵਿਭਾਗ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਿੱਧੂ ਨੂੰ ਅਜਿਹੇ ਕੈਦੀ ਨਾਲ ਉਸੇ ਬੈਰਕ ਵਿੱਚ ਰੱਖੇ ਜਾਣ ’ਤੇ ਹੇਠਲੇ ਪੱਧਰ ਦੇ ਜੇਲ੍ਹ ਕਰਮਚਾਰੀ ਵੀ ਹੈਰਾਨ ਸਨ। ਉਨ੍ਹਾਂ ਕਿਹਾ, ‘ਪਹਿਲਾਂ ਹੀ ਪੰਜਾਬ ਦੀਆਂ ਜੇਲ੍ਹਾਂ ’ਚ ਖ਼ੂਨੀ ਝੜਪਾਂ ਹੋਈਆਂ ਹਨ ਅਤੇ ਸਿੱਧੂ ਆਪਣੇ ਨਸ਼ਾ ਤਸਕਰਾਂ ਵਿਰੋਧੀ ਬਿਆਨਾਂ ਕਾਰਨ ਪਹਿਲਾਂ ਹੀ ਹਿੱਟ ਲਿਸਟ ’ਤੇ ਹਨ। ਅਜਿਹੀ ਕੁਤਾਹੀ ਮਹਿੰਗੀ ਪੈ ਸਕਦੀ ਹੈ।’

ਸਾਲ 2017 ਵਿੱਚ ਫਗਵਾੜਾ ਵਿੱਚ ਇੰਦਰਜੀਤ ਦੇ ਕੁਆਰਟਰਾਂ ਤੋਂ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜਦਕਿ ਜਲੰਧਰ ਪੁਲੀਸ ਲਾਈਨਜ਼ ਵਿੱਚ ਉਸ ਦੀ ਰਿਹਾਇਸ਼ ਤੋਂ ਕਥਿਤ ਤੌਰ ’ਤੇ ਏਕੇ-47 ਰਾਈਫਲ ਅਤੇ ਹੋਰ ਹਥਿਆਰ ਬਰਾਮਦ ਹੋਏ ਸਨ। ਗ੍ਰਿਫ਼ਤਾਰੀ ਵੇਲੇ ਤੋਂ ਹੀ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਇਕ ਸੀਨੀਅਰ ਆਈਪੀਐੱਸ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਤੇ ਨਸ਼ਾ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਨਾਲ ਸਬੰਧ ਰੱਖਣ ਵਾਲਾ ਪੰਜਾਬ ਦਾ ਕੋਈ ਵੀ ਕੈਦੀ ਅਤੇ ਨਸ਼ਿਆਂ ਦੇ ਕੇਸ ਨਾਲ ਸਬੰਧਤ ਕੋਈ ਵੀ ਪੁਲੀਸ ਮੁਲਾਜ਼ਮ ਕਦੇ ਵੀ ਨਵਜੋਤ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਲਈ ਗੰਭੀਰ ਖਤਰਾ ਬਣ ਸਕਦਾ ਹੈ। ਅਧਿਕਾਰੀ ਨੇ ਕਿਹਾ, ‘ਜੇਲ੍ਹ ਪ੍ਰਸ਼ਾਸਨ ਨੂੰ ਉਨ੍ਹਾਂ ਕੈਦੀਆਂ ਦੇ ਪਿਛੋਕੜ ਦੀ ਜਾਂਚ ਕਰਨੀ ਚਾਹੀਦੀ ਸੀ ਜੋ ਸਿੱਧੂ ਨਾਲ ਬੈਰਕ ਸਾਂਝੀ ਕਰਨਗੇ।

ਨਸ਼ਾ ਤਸਕਰਾਂ ਖ਼ਿਲਾਫ਼ ਸਿੱਧੂ ਦਾ ਸਟੈਂਡ ਦੇਖਦੇ ਹੋਏ ਜਿਹੜੇ ਕੈਦੀਆਂ ਨੂੰ ਉਨ੍ਹਾਂ ਦੇ ਨੇੜੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਦੀ ਨਿਗਰਾਨੀ ਦੀ ਵੀ ਲੋੜ ਹੋਵੇਗੀ।’

ਇਸ ਸਬੰਧੀ ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਨੇ ਕਿਹਾ ਕਿ ਸਿੱਧੂ ਨਾਲ ਬੈਰਕ ਸਾਂਝੀ ਕਰਨ ਵਾਲੇ ਇੰਦਰਜੀਤ ਸਮੇਤ ਹੋਰ ਕੈਦੀਆਂ ਨੂੰ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਇਸ ਮੁੱਦੇ ’ਤੇ ਹੋਰ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ‘ਤੁਸੀਂ ਅਪਡੇਟ ਲਈ ਚੰਡੀਗੜ੍ਹ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਹੋ। ਮੈਂ ਕੁਝ ਵੀ ਕਹਿਣ ਲਈ ਅਧਿਕਾਰਤ ਨਹੀਂ ਹਾਂ।’ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨਾਲ ਜੁੜੇ ਸਟਾਫ਼ ਨੇ ਕਿਹਾ ਕਿ ਜੇਲ੍ਹ ਦੇ ਸੀਨੀਅਰ ਅਧਿਕਾਰੀ ਇਸ ਮੁੱਦੇ ’ਤੇ ਟਿੱਪਣੀ ਕਰਨਗੇ।

ਬਾਅਦ ਵਿੱਚ ਜੇਲ੍ਹ ਵਿਭਾਗ ਦੇ ਬੁਲਾਰੇ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਬਰਖਾਸਤ ਕੀਤੇ ਸਾਬਕਾ ਪੁਲੀਸ ਮੁਲਾਜ਼ਮ ਇੰਦਰਜੀਤ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨਾਲ ਬੈਰਕ ਵਿੱਚ ਰੱਖਣ ਬਾਰੇ ਰਿਪੋਰਟ ਉਨ੍ਹਾਂ ਕੋਲ ਪੁੱਜੀ ਤਾਂ ਉਨ੍ਹਾਂ ਉਸ ਦੀ ਥਾਂ ਤਬਦੀਲ ਕਰਨ ਦਾ ਹੁਕਮ ਦਿੱਤਾ।

ਜੇਲ੍ਹ ਅੰਦਰ ਸੁਰੱਖਿਆ ਦਾ ਕੋਈ ਮਸਲਾ ਨਾ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ, ‘ਜੇਲ੍ਹ ਦੇ ਸਟਾਫ਼ ਨੇ ਮੈਨੂੰ ਸੂਚਿਤ ਕੀਤਾ ਹੈ ਕਿ ਇੰਦਰਜੀਤ ਨੂੰ ਕਿਸੇ ਹੋਰ ਬੈਰਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜੇ ਕੋਈ ਗਲਤੀ ਹੋਈ ਤਾਂ ਅਸੀਂ ਇਸ ਦੀ ਜਾਂਚ ਕਰਾਂਗੇ।’

ਡਾਕਟਰਾਂ ਦੀ ਸਲਾਹ ਅਨੁਸਾਰ ਮਿਲੇਗਾ ਸਿੱਧੂ ਨੂੰ ਖਾਣਾ

ਨਵਜੋਤ ਸਿੱਧੂ ਨੇ ਸ਼ੁੱਕਰਵਾਰ ਰਾਤ ਨੂੰ ਜੇਲ੍ਹ ਵਿੱਚ ਰੋਟੀ ਨਹੀਂ ਖਾਧੀ। ਅੱਜ ਸਵੇਰੇ ਕਰੀਬ 6 ਵਜੇ ਆਪਣੀ ਚਾਹ ਤੋਂ ਬਾਅਦ ਸਿੱਧੂ ਨੇ ਕਣਕ ਤੋਂ ਐਲਰਜੀ ਹੋਣ ਅਤੇ ਸਿਹਤ ਸਬੰਧੀ ਮੁੱਦਿਆਂ ਬਾਰੇ ਇੱਕ ਅਰਜ਼ੀ ਜੇਲ੍ਹ ਪ੍ਰਸ਼ਾਸਨ ਨੂੰ ਭੇਜੀ ਜਿਸ ਤੋਂ ਬਾਅਦ ਜੇਲ੍ਹ ਸਟਾਫ ਨੇ ਡਾਕਟਰ ਦੀ ਸਲਾਹ ਅਨੁਸਾਰ ਉਸ ਨੂੰ ਖਾਣਾ ਖਾਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਧੂ ਨੇ ਜੇਲ੍ਹ ਅੰਦਰ ਪਹਿਲੇ ਦਿਨ ਦਾ ਵੱਡਾ ਹਿੱਸਾ ਬੈਰਕ ਅੰਦਰ ਯੋਗ ਅਤੇ ਮੈਡੀਟੇਸ਼ਨ ਕਰਦਿਆਂ ਬਿਤਾਇਆ।

Leave a Reply

Your email address will not be published. Required fields are marked *