ਗੁਰਦੁਆਰਾ ਬੇਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਚੇਤਨਪੁਰਾ: ਪਿੰਡ ਧਰਮਕੋਟ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੇਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਜਦੋਂ ਗ੍ਰੰਥੀ ਸਿੰਘ ਪਾਠ ਕਰਨ ਲਈ ਗੁਰਦੁਆਰੇ ਆਇਆ ਤਾਂ ਰੁਮਾਲਾ ਸਾਹਿਬ ਹੇਠਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਹੋਏ ਸਨ। ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਤੋਂ ਪਤਾ ਲੱਗਾ ਕਿ ਪਿੰਡ ਦੇ ਹੀ ਮੱਸਾ ਸਿੰਘ ਪੁੱਤਰ ਚੰਨਣ ਸਿੰਘ ਨੇ ਚਾਕੂ ਨਾਲ ਗੁਰੂ ਗ੍ਰੰਥ ਸਾਹਿਬ ਦੇ 39 ਅੰਗ ਪਾੜ ਦਿੱਤੇ ਹਨ। ਇਹ ਵਿਅਕਤੀ ਰੋਜ਼ਾਨਾ ਦੁਪਹਿਰ ਵੇਲੇ ਗੁਰਦੁਆਰੇ ਵਿੱਚ ਆਉਂਦਾ ਸੀ। ਉੱਧਰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਘਟਨਾ ਦੀ ਸੂਚਨਾ ਥਾਣਾ ਭਿੰਡੀ ਸੈਦਾ ਵਿੱਚ ਦਿੱਤੀ ਗਈ, ਜਿਸ ’ਤੇ ਕਾਰਵਾਈ ਕਰਦਿਆਂ ਐੱਸਐੱਚਓ ਯਾਦਵਿੰਦਰ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।