ਕਤਲ ਕੇਸ ‘ਚ ਪੰਜਾਬ ਪੁਲਸ ਦਾ ASI ਗ੍ਰਿਫ਼ਤਾਰ, ਗੋਲੀ ਮਾਰ ਕੇ ਗੁਆਂਢੀ ਦਾ ਕੀਤਾ ਸੀ ਕਤਲ

ਸੁਲਤਾਨਪੁਰ ਲੋਧੀ : ਪਿੰਡ ਤਲਵੰਡੀ ਚੌਧਰੀਆਂ ‘ਚ ਪਿਛਲੇ ਦਿਨੀਂ ਇਕ ਏ.ਐੱਸ.ਆਈ. ਵੱਲੋਂ ਮਾਮੂਲੀ ਝਗੜੇ ‘ਚ ਲਾਇਸੈਂਸੀ ਦੋਨਾਲੀ (12 ਬੋਰ ਰਾਈਫਲ) ਨਾਲ ਗੋਲੀ ਚਲਾ ਕੇ ਆਪਣੇ ਗੁਆਂਢੀ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਪੁਲਸ ਨੇ ਰਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਤਲਵੰਡੀ ਚੌਧਰੀਆਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਏ.ਐੱਸ.ਆਈ. ਹਰਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਤਲਵੰਡੀ ਚੌਧਰੀਆਂ ਖ਼ਿਲਾਫ਼ ਧਾਰਾ 302 ਆਈ.ਪੀ.ਸੀ. ਅਧੀਨ ਥਾਣਾ ਤਲਵੰਡੀ ਚੌਧਰੀਆਂ ‘ਚ 25, 54, 59 ਤਹਿਤ ਮੁਕੱਦਮਾ ਨੰਬਰ 31 ਦਰਜ ਕੀਤਾ ਸੀ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਡੀ.ਐੱਸ.ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਏ.ਐੱਸ.ਆਈ. ਹਰਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਕੋਲੋਂ 12 ਬੋਰ ਦੀ ਰਾਈਫਲ, ਜ਼ਿੰਦਾ ਕਾਰਤੂਸ ਤੇ ਡੀ.ਵੀ.ਆਰ. ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਵਿੱਚ ਮੁਲਜ਼ਮ ਏ.ਐੱਸ.ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਜਸਬੀਰ ਸਿੰਘ ਨਾਲ ਬਹਿਸ ਹੋਈ ਸੀ ਅਤੇ ਬਾਅਦ ਵਿਚ ਉਸ ਨੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮੁਲਜ਼ਮ ਏ.ਐੱਸ.ਆਈ. ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਡੀ.ਐੱਸ.ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।