ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

ਚੰਡੀਗੜ੍ਹ : ਪੰਜਾਬ ਵਿੱਚ ਅੱਜ ਰਾਤ ਤੋਂ ਈ-ਰਜਿਸਟ੍ਰੇਸ਼ਨ ਤੋਂ ਬਿਨਾਂ ਕੋਈ ਦਾਖਲ ਨਹੀਂ ਹੋ ਸਕੇਗਾ ਕਿਉਂਕਿ ਪੰਜਾਬ ਸਰਕਾਰ ਨੇ ਈ-ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਤ ਤੋਂ ਇਸ ਮਾਮਲੇ ਵਿਚ ਸਖ਼ਤੀ ਕਰ ਦਿੱਤੀ ਹੈ ਤਾਂ ਜੋ ਖ਼ਾਸ ਕਰਕੇ ਦਿੱਲੀ ਖੇਤਰ ਤੋਂ ਆਉਣ ਵਾਲੇ ਲੋਕਾਂ ਤੋਂ ਪੈਦਾ ਹੋਣ ਵਾਲੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਘਰੇਲੂ ਇਕਾਂਤਵਾਸ ਦੇ ਅਰਸੇ ਨੂੰ ਦੋ ਹਫ਼ਤੇ ਤੋਂ ਘੱਟ ਕੀਤੇ ਜਾਣ ਦੀ ਮੰਗ ਵੀ ਖਾਰਜ ਕਰ ਦਿੱਤੀ ਹੈ।

ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀ ਆਪਣੇ ਘਰਾਂ ਤੋਂ ਆਰਾਮ ਨਾਲ ਆਨਲਾਈਨ ਸਵੈ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤਾਂ ਜੋ ਰਸਤੇ ਵਿਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਰਾਜ ਸਰਕਾਰ ਨੇ ਸੜਕੀ ਰਸਤੇ ਪੰਜਾਬ ਵਿਚ ਦਾਖਲ ਹੋਣ ਵਾਲੇ ਜਾਂ ਪੰਜਾਬ ਵਿਚੋਂ ਲੰਘਣ ਵਾਲੇ ਯਾਤਰੀਆਂ ਨੂੰ ਸਖ਼ਤੀ ਨਾਲ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਤਾਂ ਕੋਵਾ ਐਪ ਜਾਂ ਵੈੱਬ ਲਿੰਕ https://cova.punjab.gov.in/registration ਰਾਹੀਂ ਸਵੈ-ਰਜਿਸਟਰਡ ਹੋਣ। ਈ-ਰਜਿਸਟ੍ਰੇਸ਼ਨ ਦਾ ਮੰਤਵ ਚੈਕਿੰਗ ਵਾਲੀਆਂ ਥਾਵਾਂ ’ਤੇ ਲੰਮੀਆਂ ਕਤਾਰਾਂ ਜਾਂ ਭੀੜ-ਭੜੱਕੇ ਕਾਰਨ ਹੋਣ ਵਾਲੀ ਮੁਸ਼ਕਲ ਤੋਂ ਯਾਤਰੂਆਂ ਨੂੰ ਬਚਾਉਣਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਹ ਮੁਸਾਫ਼ਰ, ਜੋ ਸੂਬੇ ਵਿਚ ਪ੍ਰਵੇਸ਼ ਕਰ ਰਹੇ ਹਨ ਅਤੇ ਸਿਰਫ਼ ਇੱਥੋਂ ਗੁਜ਼ਰ ਨਹੀਂ ਰਹੇ, ਨੂੰ ਚੈੱਕ-ਪੁਆਇੰਟ ਸਫਲਤਾ ਨਾਲ ਪਾਰ ਕਰ ਲੈਣ ਤੋਂ ਬਾਅਦ ਜਿਨ੍ਹਾਂ ਵਿਚ ਲੱਛਣ ਨਾ ਮਿਲੇ, ਨੂੰ 14 ਦਿਨਾਂ ਲਈ ਆਪਣੇ ਘਰਾਂ ਵਿਚ ਸਵੈ-ਇਕਾਂਤਵਾਸ ਰਹਿਣਾ ਹੋਵੇਗਾ। ਇਕਾਂਤਵਾਸ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਰੋਜ਼ਾਨਾ ਆਧਾਰ ’ਤੇ ਹੈਲਪਲਾਈਨ ਨੰਬਰ 112 ਜਾਂ ਕੋਵਾ ਐਪ ਰਾਹੀਂ ਦੇਣੀ ਹੋਵੇਗੀ। ਮੁਸਾਫ਼ਰਾਂ ਵਿਚ ਲੱਛਣ ਪਾਏ ਜਾਣ ਦੀ ਸੂਰਤ ਵਿਚ ਚੈੱਕ-ਪੁਆਇੰਟ ‘ਤੇ ਲੋੜੀਂਦੀਆਂ ਹਦਾਇਤਾਂ ਦਿੱਤੀ ਜਾਣਗੀਆਂ।

Leave a Reply

Your email address will not be published. Required fields are marked *