ਰਣਜੀਤ ਸਿੰਘ ਤਲਵੰਡੀ ਢੀਂਡਸਾ ਦੇ ਅਕਾਲੀ ਦਲ ’ਚ ਸ਼ਾਮਲ

ਐੱਸਏਐੱਸ ਨਗਰ : ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਮਲਿਆਂ ਦੀ ਜਾਂਚ ਹੁਣ ਤੱਕ ਕਿਸੇ ਕੰਢੇ ਨਾ ਲੱਗਣਾ ਅਤੇ ਜ਼ਿੰਮੇਵਾਰ ਲੋਕਾਂ ਨੂੰ ਢੁਕਵੀਆਂ ਸਜ਼ਾਵਾਂ ਨਾ ਮਿਲਣ ਤੋਂ ਸਾਫ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਆਪਸ ਵਿੱਚ ਮਿਲੇ ਹੋਏ ਹਨ। ਇਹ ਗੱਲ ਰਾਜ ਸਭਾ ਮੈਂਬਰ ਤੇ ਨਵਾਂ ਅਕਾਲੀ ਦਲ ਸਥਾਪਿਤ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਫੇਜ਼-11 ਸਥਿਤ ਗੁਰਦੁਆਰੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਮੌਜੂਦਾ ਅਤੇ ਸਾਬਕਾ ਹੁਕਮਰਾਨਾਂ ਦੀ ਗੰਢਤੁਪ ਕਰਕੇ ਇਹ ਮਾਮਲਾ ਪਿਛਲੇ 5 ਸਾਲ ਤੋਂ ਲਟਕ ਰਿਹਾ ਹੈ। ਇਸ ਦੌਰਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਗੁਰਦੁਆਰੇ ’ਚ ਹੀ ਰੱਖੇ ਸਮਾਗਮ ਦੌਰਾਨ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਪੱਤਰਕਾਰਾਂ ਨੇ ਢੀਂਡਸਾ ਤੇ ਤਲਵੰਡੀ ਨੂੰ ਜਦੋਂ ਪੁੱਛਿਆ ਕਿ ਬਾਦਲਾਂ ਨਾਲ ਰਹਿਣ ਮੌਕੇ ਇਹ ਮੁੱਦੇ ਕਿਉਂ ਨਹੀਂ ਚੁੱਕੇ ਤਾਂ ਉਨ੍ਹਾਂ ਕਿਹਾ ਕਿ ਸਮੇਂ ਸਮੇਂ ਵੱਡੇ ਬਾਦਲ ਨਾਲ ਗੱਲ ਕੀਤੀ ਜਾਂਦੀ ਰਹੀ, ਪਰ ਉਹ ਪੁੱਤ (ਸੁਖਬੀਰ) ਦੀ ਚੌਧਰ ਅੱਗੇ ਬੇਵੱਸ ਸਨ।
ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਪੁਲੀਸ ਦੀ ‘ਸਿੱਟ’ ਜਿਹੜਾ ਕੰਮ ਹੁਣ ਕਰਨ ਲੱਗੀ ਹੈ, ਉਹ ਕਾਫੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ। ਉਨ੍ਹਾਂ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੇ ਆਪਣੇ ਪੁਰਾਣੇ ਸਾਥੀ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਸਮਾਂ ਆਉਣ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸ਼੍ਰੋਮਣੀ ਕਮੇਟੀ ਵਿੱਚ ਹੋ ਰਹੇ ਘਪਲਿਆਂ ਦਾ ਪਰਦਾਫਾਸ਼ ਕਰ ਕੇ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ’ਚੋਂ ਕਰੀਬ 69 ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਗਾਇਬ\/ਚੋਰੀ ਹੋਣ ਦੇ ਮਾਮਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਐਸਜੀਪੀਸੀ ਜਾਂ ਪੰਥਕ ਧਿਰਾਂ ਨੇ ਪਸ਼ਚਾਤਾਪ ਤੱਕ ਨਹੀਂ ਕੀਤਾ ਪਰ ਹੁਣ ਨਵੇਂ ਅਕਾਲੀ ਦਲ ਵੱਲੋਂ ਗੁਰੂ ਮਰਿਆਦਾ ਅਨੁਸਾਰ ਮਸਤੂਆਣਾ ਸਾਹਿਬ ਵਿਖੇ 30 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾਣਗੇ ਅਤੇ 1 ਅਗਸਤ ਨੂੰ ਭੋਗ ਪਾ ਕੇ ਪਸ਼ਚਾਤਾਪ ਕੀਤਾ ਜਾਵੇਗਾ।
ਜਲਦੀ ਹੀ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਬਣਾਉਣ ਦਾ ਐਲਾਨ
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨਵੇਂ ਅਕਾਲੀ ਦਲ ਦਾ ਕਾਫ਼ਲਾ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਜਲਦੀ ਹੀ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਬਣਾਈਆਂ ਜਾਣਗੀਆਂ। ਮਗਰੋਂ ਸਾਰਿਆਂ ਦੀ ਰਾਇ ਨਾਲ ਨਵੇਂ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਸਾਰੇ ਵਰਗਾਂ ਨੂੰ ਯੋਗ ਨੁਮਾਇੰਦਗੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਟਕਸਾਲੀ ਆਗੂਆਂ ਨੂੰ ਆਪਣੇ ਨਾਲ ਜੋੜਨ ਲਈ ਘਰ-ਘਰ ਜਾਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਰਣਜੀਤ ਸਿੰਘ ਤਲਵੰਡੀ ਸਾਥੀਆਂ ਸਮੇਤ ਢੀਂਡਸਾ ਧੜੇ ’ਚ ਸ਼ਾਮਲ
ਐੱਸਏਐੱਸ ਨਗਰ (ਮੁਹਾਲੀ): ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਅੱਜ ਆਪਣੇ ਸਾਥੀਆਂ ਸਮੇਤ ਜੈਕਾਰਿਆਂ ਦੀ ਗੂੰਜ ਵਿੱਚ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸਥਾਨਕ ਫੇਜ਼-11 ਸਥਿਤ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਵਿਖੇ ਰੱਖੇ ਇਸ ਸਮਾਗਮ ਲਈ ਸ੍ਰੀ ਢੀਂਡਸਾ ਨੇ ਵਰਕਰਾਂ ਨੂੰ ਘੱਟ ਗਿਣਤੀ ਵਿੱਚ ਪਹੁੰਚ ਕੇ ਸਮਾਜਿਕ ਦੂਰੀ ਨੇਮ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ, ਪਰ ਸੈਂਕੜਿਆਂ ਦੀ ਤਾਦਾਦ ਵਿੱਚ ਸੀਨੀਅਰ ਆਗੂ ਅਤੇ ਵਰਕਰ ਪਹੁੰਚੇ। ਢੀਂਡਸਾ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਅਣਗੌਲੇ ਰਹੇ ਪੁਰਾਣੇ ਸਾਥੀਆਂ ਤੇ ਵਫ਼ਾਦਾਰ ਵਰਕਰਾਂ ਨੂੰ ਮਨਾਉਣ ਲਈ ਘਰ ਘਰ ਜਾਣਗੇ।
ਜਥੇਦਾਰ ਤਲਵੰਡੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ, ਜਦੋਂਕਿ ਕੁਰਬਾਨੀਆਂ ਦੇਣ ਵਾਲੇ ਟਕਸਾਲੀ ਪਰਿਵਾਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਤਲਵੰਡੀ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਸਿਆਸੀ ਸਰਗਰਮੀਆਂ ਤੋਂ ਮੂੰਹ ਮੋੜਦਿਆਂ ਅਕਾਲੀ ਦਲ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਹੁਣ ਢੀਂਡਸਾ ਨੇ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਪਹਿਲਕਦਮੀ ਕੀਤੀ ਹੈ, ਜਿਸ ਕਰਕੇ ਉਨ੍ਹਾਂ ਬਿਨਾਂ ਕਿਸੇ ਲੋਭ ਲਾਲਚ ਤੋਂ ਨਵੇਂ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਣਦੇਖੀ ਦਾ ਸ਼ਿਕਾਰ ਹੋਏ ਸਾਰੇ ਪੁਰਾਣੇ ਸਾਥੀਆਂ ਅਤੇ ਵਫ਼ਾਦਾਰ ਵਰਕਰਾਂ ਨੂੰ ਪੰਥ ਦੀ ਸੇਵਾ ਕਰਨ ਲਈ ਮਨਾਉਣ ਲਈ ਘਰ ਘਰ ਜਾਣਗੇ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਨਵੇਂ ਅਕਾਲੀ ਦਲ ਪ੍ਰਤੀ ਵੱਡੀ ਲਹਿਰ ਬਣ ਰਹੀ ਹੈ ਅਤੇ ਬਾਦਲਾਂ ਵਿਰੁੱਧ ਲੋਕਾਂ ਵਿੱਚ ਭਾਰੀ ਰੋਸ ਹੈ।
#ਰਣਜੀਤ ਸਿੰਘ ਤਲਵੰਡੀ #ਸੁਖਦੇਵ ਸਿੰਘ ਢੀਂਡਸਾ #ਬਾਦਲ #ਅਕਾਲੀ ਦਲ