ਰੰਜਿਸ਼ ਕਾਰਨ ਗੋਲੀਆਂ ਚੱਲੀਆਂ, ਔਰਤ ਸਣੇ ਪੰਜ ਜ਼ਖ਼ਮੀ

ਧੂਰੀ : ਅੱਜ ਬਾਅਦ ਦੁਪਹਿਰ ਪਿੰਡ ਬੁਗਰਾ ਵਿਚ ਆਪਸੀ ਰੰਜਿਸ਼ ਕਾਰਨ ਚੱਲੀਆਂ ਗੋਲੀਆਂ ਦੌਰਾਨ ਇਕ ਔਰਤ ਸਣੇ 5 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਗੋਲੀ ਲੱਗਣ ਕਾਰਨ ਫੱਟੜ ਹੋਏ ਦਲਵਿੰਦਰ ਸਿੰਘ ਸੋਨੀ ਦੇ ਪਿਤਾ ਸ਼ਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਵਿਅਕਤੀਆਂ ਨਾਲ ਉਨ੍ਹਾਂ ਦੀ ਪਿਛਲੇ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਹੈ, ਜਿਸ ਸਬੰਧੀ ਉਨ੍ਹਾਂ ਨੇ ਪਿਛਲੇ ਦਿਨੀਂ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਸੀ ਤੇ ਆਪਣੇ ਵਿਰੋਧੀਆਂ ਤੋਂ ਜਾਨ ਨੂੰ ਖ਼ਤਰਾ ਦੱਸਦਿਆਂ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਘਟਨਾ ਵਾਪਰੀ। ਅੱਜ 10-15 ਵਿਅਕਤੀ ਪਿੰਡ ਦੇ ਬੱਸ ਅੱਡੇ ’ਤੇ ਅਸਲਾ ਲਈ ਖੜ੍ਹੇ ਸਨ, ਜਿਨ੍ਹਾਂ ’ਚੋਂ ਇਕ ਨੇ ਬਾਰਾਂ ਬੋਰ ਦੀ ਦੁਨਾਲੀ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਅਤੇ ਸ਼ਰ੍ਹੇ ਲੱਗਣ ਕਾਰਨ ਦਲਵਿੰਦਰ ਸਿੰਘ ਸੋਨੀ, ਸੌਦਾਗਰ ਸਿੰਘ, ਅੰਮ੍ਰਿਤ ਕੌਰ, ਜਨਕ ਸਿੰਘ, ਹਰਦੀਪ ਸ਼ਰਮਾ ਉਰਫ ਮੱਖਣ ਵਾਸੀ ਪਿੰਡ ਬੁਗਰਾ ਫੱਟੜ ਹੋ ਗਏ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿਚੋਂ ਦਲਵਿੰਦਰ ਸਿੰਘ ਸੋਨੀ, ਅੰਮ੍ਰਿਤ ਕੌਰ ਤੇ ਸੌਦਾਗਰ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਡਾਕਟਰਾਂ ਨੇ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ ਹੈ।
ਥਾਣਾ ਸਦਰ ਧੂਰੀ ਦੇ ਐੱਸਐੱਚਓ ਮੇਜਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗੋਲੀ ਚੱਲਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।