ਪ੍ਰਕਾਸ਼ ਪੁਰਬ: ਦਰਬਾਰ ਸਾਹਿਬ ਵਿਖੇ ਮਹਿਕੇ 45 ਕਿਸਮਾਂ ਦੇ ਫੁੱਲ

ਅੰਮ੍ਰਿਤਸਰ : ਕਰੋਨਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਭਲਕੇ 19 ਅਗਸਤ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਕੇਤਕ ਰੂਪ ਵਿਚ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ, ਜਿਸ ਦਾ ਚੱਲ ਰਿਹਾ ਕੰਮ ਅੱਜ ਮੁਕੰਮਲ ਹੋ ਗਿਆ ਹੈ।

ਭਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਸੰਕੇਤਕ ਤੌਰ ’ਤੇ ਹੀ ਮਨਾਇਆ ਜਾਵੇਗਾ। ਇਸ ਸਬੰਧ ਵਿਚ ਗੁਰਦੁਆਰਾ ਰਾਮਸਰ ਤੋਂ ਸ੍ਰੀ ਦਰਬਾਰ ਸਾਹਿਬ ਤਕ ਸਵੇਰੇ ਨਗਰ ਕੀਰਤਨ ਸਜਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਕਾਰਨ ਲਾਈਵ ਪ੍ਰਸਾਰਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤ ਘਰ ਬੈਠ ਕੇ ਹੀ ਨਗਰ ਕੀਰਤਨ ਅਤੇ ਹੋਰ ਸਮਾਗਮਾਂ ਦਾ ਪ੍ਰਸਾਰਨ ਦੇਖ ਸਕੇ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਜਲੌਅ ਸਜਾਏ ਜਾਣਗੇ ਅਤੇ ਸ਼ਾਮ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਹੋਵੇਗੀ।

ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਜਾ ਰਹੀ ਫੁੱਲਾਂ ਦੀ ਸਜਾਵਟ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ। ਇਹ ਸੁੰਦਰ ਫੁੱਲਾਂ ਦੀ ਸਜਾਵਟ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀ ਹੈ। ਇਸ ਸਬੰਧ ਵਿਚ 25 ਤੋਂ 30 ਟਨ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇਹ ਫੁੱਲ ਕਲਕੱਤਾ, ਬੰਗਲੌਰ, ਪੁਣੇ, ਕੇਰਲਾ ਤੇ ਹੋਰ ਥਾਵਾਂ ਤੋਂ ਮੰਗਵਾਏ ਗਏ ਹਨ। ਇਸ ਵਾਰ ਕਰੋਨਾ ਕਾਰਨ ਵਿਦੇਸ਼ੀ ਫੁੱਲ ਨਹੀਂ ਮੰਗਵਾਏ ਗਏ ਹਨ। ਫੁੱਲਾਂ ਦੀ ਸਜਾਵਟ ਲਈ ਲਗਪਗ 80 ਤੋਂ ਵੱਧ ਕਾਰੀਗਰ ਯੂਪੀ ਅਤੇ ਬੰਗਾਲ ਤੋਂ ਆਏ ਹਨ, ਜੋ ਇਸ ਕੰਮ ਨੂੰ ਸੰਗਤ ਦੇ ਸਹਿਯੋਗ ਨਾਲ ਅੰਜਾਮ ਦੇ ਰਹੇ ਹਨ। ਸਜਾਵਟ ਲਈ 40 ਤੋਂ 45 ਕਿਸਮ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਵਿਚ ਗੁਲਾਬ, ਲਿਲੀ, ਰਜਨੀਗੰਧਾ, ਜੈਸਮੀਨ,ਗੇਂਦਾ ਆਦਿ ਦੇ ਫੁੱਲ ਸ਼ਾਮਲ ਹਨ।

Leave a Reply

Your email address will not be published. Required fields are marked *