ਕੇਜਰੀਵਾਲ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ’ਚ ਨਾ ਖੇਡੇ : ਅਮਰਿੰਦਰ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਹੈ ਕਿ ਊਹ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਨਾ ਖੇਡਣ ਜਿਨ੍ਹਾਂ ਵੱਲੋਂ ਕੋਵਿਡ ਮਹਾਮਾਰੀ ਨੂੰ ਪੰਜਾਬ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਢਾਹ ਲਾਉਣ ਲਈ ਵਰਤਿਆ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਕੇਜਰੀਵਾਲ ਕੋਵਿਡ ਸੰਕਟ ਦੇ ਨਾਮ ਹੇਠ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਭੜਕਾ ਰਹੇ ਹਨ। ਅਮਰਿੰਦਰ ਨੇ ਕਿਹਾ ਕਿ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਸੰਭਾਵੀ ਤੌਰ ’ਤੇ ਪਾਕਿਸਤਾਨ ’ਚੋਂ ਚੱਲੀ ਹੈ ਅਤੇ ‘ਆਪ’ ਦੇ ਇੱਕ ਸਰਗਰਮ ਵਰਕਰ ਵੱਲੋਂ ਊਸਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਪੁਲੀਸ ਨੇ ਫਿਰੋਜ਼ਪੁਰ ਦੇ ਨਾਜੂ ਸ਼ਾਹ ਦੇ ‘ਆਪ’ ਵਰਕਰ ਅਮਰਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਝੂਠੀ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪੋਸਟ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਊਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵੀਡੀਓ ’ਚ ਕੋਵਿਡ ਮਰੀਜ਼ਾਂ ਦੇ ਮਹੱਤਵਪੂਰਨ ਅੰਗ ਕੱਢਣ ਦੀ ਅਫਵਾਹ ਫੈਲਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਵਰਕਰ ਵੀਡੀਓ ਅਤੇ ਪੋਸਟਾਂ ਪਾ ਕੇ ਲੋਕਾਂ ਨੂੰ ਭੜਕਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਤੋਂ ਦੂਰ ਹੀ ਰਹੇ ਅਤੇ ਆਪਣੇ ਸੂਬੇ ਵਿੱਚ ਕੋਵਿਡ ਨੂੰ ਕੰਟਰੋਲ ਕਰਨ ਦੇ ਪ੍ਰਬੰਧਨ ’ਤੇ ਧਿਆਨ ਕੇਂਦਰਿਤ ਕਰੇ।

Leave a Reply

Your email address will not be published. Required fields are marked *