ਸੁਖਬੀਰ ਦੀ ਚੁੱਪ ਪਿੱਛੇ ਵੱਡੀ ਸਾਜ਼ਿਸ਼: ਜਾਖੜ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਵਿਧਾਨ ਸਭਾ ’ਚ ਪਾਸ ਕੀਤੇ ਖੇਤੀ ਸੋਧ ਬਿੱਲਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੁੱਪ ਵੱਡੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਇਸ ਪਿੱਛੇ ਭਾਜਪਾ ਨਾਲ ਕੋਈ ਸਿਆਸੀ ਗੰਢ-ਤੁੱਪ ਚਲਦੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਬਚਾਉਣ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਕਾਇਮ ਰੱਖਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆ ਕੇ ਇਤਿਹਾਸ ਸਿਰਜਿਆ ਗਿਆ ਹੈ, ਜੋ ਦੂਜੇ ਸੂਬਿਆਂ ਦੀਆਂ ਗੈਰ ਭਾਜਪਾ ਜਾਂ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਵੀ ਰਾਹ ਦਿਖਾਏਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਨੇ ਪਹਿਲਾਂ ਤਾਂ ਵਿਧਾਨ ਸਭਾ ਵਿੱਚ ਬਿੱਲਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਪਰ ਬਾਅਦ ਵਿੱਚ ਆ ਕੇ ਇਸ ਦੇ ਕਾਨੂੰਨੀ ਆਧਾਰ ਉੱਤੇ ਰੌਲਾ ਪਾ ਕੇ ਪਾਰਟੀ ਦੇ ‘ਪਲਟੂ’ ਰੋਗ ਤੋਂ ਪੀੜਤ ਹੋਣ ਦਾ ਸਬੂਤ ਦਿੱਤਾ। ਪਹਿਲਾਂ ਅਕਾਲੀ ਦਲ ਤਿੰਨ ਮਹੀਨੇ ਤੱਕ ਇਨ੍ਹਾਂ ਕੇਂਦਰੀ ਖੇਤੀ ਬਿੱਲਾਂ ਦੇ ਸੋਹਲੇ ਗਾਉਂਦਾ ਰਿਹਾ ਅਤੇ ਫਿਰ ਪਲਟੀ ਮਾਰਦਿਆਂ ਇਨ੍ਹਾਂ ਨੂੰ ਕਾਲੇ ਕਾਨੂੰਨ ਦੱਸਣ ਲੱਗ ਪਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ‘ਆਪ’ ਪੰਜਾਬ ਨੂੰ ਮੰਡੀ ਐਲਾਨਣ ਦਾ ਜੋ ਰੌਲਾ ਪਾ ਰਹੀਆਂ ਹਨ, ਉਸ ਨਾਲ ਕਿਸੇ ਹੋਰ ਦਾ ਨਹੀਂ, ਸਗੋਂ ਪੰਜਾਬ ਦੇ ਛੋਟੇ ਵਪਾਰੀਆਂ ਦਾ ਨੁਕਸਾਨ ਹੋਵੇਗਾ ਕਿਉਂਕਿ ਜੇਕਰ ਅਸੀਂ ਪੂਰੇ ਪੰਜਾਬ ਨੂੰ ਹੀ ਮੰਡੀ ਐਲਾਨ ਦਿੱਤਾ ਤਾਂ ਪਿੰਡਾਂ ਵਿੱਚ ਬੈਠੇ ਛੋਟੇ ਦੁਕਾਨਦਾਰ ਤੇ ਹੋਰ ਕੰਮ-ਧੰਦੇ ਕਰਨ ਵਾਲੇ ਵੀ ਮੰਡੀ ਟੈਕਸ ਤੇ ਹੋਰ ਕਾਨੂੰਨਾਂ ਦੇ ਘੇਰੇ ਵਿੱਚ ਆ ਜਾਣਗੇ। ਉਨ੍ਹਾਂ ਪੰਜਾਬ ਕਾਂਗਰਸ ਵੱਲੋਂ ਪੰਜਾਬ ਦੇ ਬਿੱਲਾਂ ਬਾਰੇ ਪਿੰਡ ਪੱਧਰ ਉਤੇ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੇ ਕੇਂਦਰੀ ਮੰਤਰੀਆਂ ਨੂੰ ਖੇਤੀ ਕਾਨੂੰਨਾਂ ਬਾਰੇ ਬਹਿਸ ਦੀ ਚੁਣੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ (ਮੇਰੇ) ਨਾਲ ਇਨ੍ਹਾਂ ਕਾਨੂੰਨਾਂ ਦੇ ਕਿਸਾਨ ਹਿਤੂ ਪਹਿਲੂਆਂ ਬਾਰੇ ਕਦੇ ਵੀ ਤੇ ਕਿਤੇ ਵੀ ਚਰਚਾ ਕਰ ਸਕਦੇ ਹਨ। ਜੇ ਇਸ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਬਾਬਤ ਰਸਮੀ ਸੱਦਾ ਵੀ ਭਿਜਵਾ ਦੇਣਗੇ।

Leave a Reply

Your email address will not be published. Required fields are marked *