ਕਿਸਾਨਾਂ ਵੱਲੋਂ ਸਿੰਗਲਾ ਦੀ ਕੋਠੀ ਵੱਲ ਰੋਸ ਮਾਰਚ

ਸੰਗਰੂਰ : ਪਿਛਲੇ ਨੌਂ ਦਿਨਾਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਕਰ ਕੇ ਪੱਕੇ ਮੋਰਚੇ ’ਤੇ ਡਟੇ ਹਜ਼ਾਰਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਅੱਜ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਤਕ ਰੋਸ ਮਾਰਚ ਕੀਤਾ ਗਿਆ ਅਤੇ ਕੋਠੀ ਅੱਗੇ ਕਰੀਬ ਇੱਕ ਘੰਟਾ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਮ੍ਰਿਤਕ ਕਿਸਾਨ ਮੇਘ ਰਾਜ ਨਾਗਰੀ ਦੇ ਪੀੜਤ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਅਤੇ ਕਰਜ਼ਾ ਮੁਆਫ਼ ਕਰਨ ਦੀ ਮੰਗ ਕਰ ਰਹੇ ਹਨ ਪਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਕਿਸਾਨਾਂ ਦੇ ਘਿਰਾਓ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 9 ਦਿਨਾਂ ਤੋਂ ਮੁਕੰਮਲ ਬੰਦ ਹੈ, ਜਿਸ ਕਾਰਨ ਸਰਕਾਰੀ ਕੰਮ-ਕਾਜ ਠੱਪ ਹਨ।
ਅੱਜ ਵੀ ਕਿਸਾਨਾਂ ਨੇ ਡੀਸੀ ਕੰਪਲੈਕਸ ਨੂੰ ਜਾਂਦੇ ਤਿੰਨੋਂ ਮੁੱਖ ਗੇਟਾਂ ਦਾ ਘਿਰਾਓ ਜਾਰੀ ਰੱਖਿਆ। ਬਾਅਦ ਦੁਪਹਿਰ ਕਿਸਾਨਾਂ ਨੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਰੋਸ ਮਾਰਚ ਕਰਦਿਆਂ ਕਰੀਬ ਇੱਕ ਘੰਟਾ ਕੋਠੀ ਅੱਗੇ ਧਰਨਾ ਦਿੱਤਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਦੇ ਨਿਪਟਾਰੇ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ। ਸਰਕਾਰ ਅਤੇ ਪ੍ਰਸ਼ਾਸਨ ਨੂੰ ਨਾ ਤਾਂ ਕਿਸਾਨਾਂ ਦੀਆਂ ਮੰਗਾਂ ਦੀ ਕੋਈ ਫ਼ਿਕਰ ਹੈ ਅਤੇ ਨਾ ਹੀ ਲੋਕਾਂ ਦੇ ਠੱਪ ਪਏ ਕੰਮਕਾਜ ਦੀ ਪ੍ਰਵਾਹ ਹੈ। ਉਨ੍ਹਾਂ ਕਿਹਾ ਕਿ ਤਿੰਨ ਹਫ਼ਤਿਆਂ ਤੋਂ ਕਿਸਾਨ ਮੇਘ ਰਾਜ ਨਾਗਰੀ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਖੁਣੋਂ ਧੂਰੀ ਹਸਪਤਾਲ ’ਚ ਪਈ ਹੈ। ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੀੜਤ ਪਰਿਵਾਰ ਨਾਲ ਦੁੱਖ ਤਾਂ ਕੀ ਵੰਡਾਉਣਾ ਸੀ ਸਗੋਂ ਊਨ੍ਹਾਂ ਨੂੰ ਇਨਸਾਫ਼ ਦੇੇਣ ਤੋਂ ਵੀ ਭੱਜ ਰਹੀ ਹੈ। ਊਨ੍ਹਾਂ ਐਲਾਨ ਕੀਤਾ ਕਿ ਜਦੋਂ ਤਕ ਕਿਸਾਨਾਂ ਦੀਆਂ ਤਿੰਨੋਂ ਮੰਗਾਂ ਮਨਜ਼ੂਰ ਨਹੀਂ ਹੁੰਦੀਆਂ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਜਾਰੀ ਰਹੇਗਾ। ਧਰਨੇ ਨੂੰ ਯੂਨੀਅਨ ਆਗੂ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ, ਜਗਤਾਰ ਸਿੰਘ ਕਾਲਾਝਾੜ, ਗੋਬਿੰਦਰ ਸਿੰਘ ਬਡਰੁੱਖਾਂ ਅਤੇ ਮਨਜੀਤ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ।