ਕਿਸਾਨ ਅੰਦੋਲਨ ਦਾ ਡੇਢ ਮਹੀਨਾ ਪੂਰਾ, ਬੇਵੱਸ ਨਜ਼ਰ ਆ ਰਹੀ ਹੈ ਸਰਕਾਰ

ਚੰਡੀਗੜ੍ਹ : ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਅੱਜ ਡੇਢ ਮਹੀਨਾ ਹੋ ਗਿਆ ਹੈ। ਸੂਬੇ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋਣ ਕਾਰਨ ਧਰਨਿਆਂ, ਰੇਲ ਪਟੜੀਆਂ, ਅੰਬਾਨੀ-ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਦਾ ਕਿਸਾਨਾਂ ਵੱਲੋਂ ਘਿਰਾਓ ਜਾਰੀ ਹੈ ਪਰ ਇਨ੍ਹਾਂ ਥਾਵਾਂ ’ਤੇ ਕਿਸਾਨਾਂ ਦੀ ਗਿਣਤੀ ਜ਼ਰੂਰ ਘਟ ਗਈ ਹੈ। ਕਿਸਾਨ ਅੰਦੋਲਨ ਦੌਰਾਨ ਕੇਂਦਰ ਨੇ ਜਿੱਥੇ ਅੜੀਅਲ ਰਵੱਈਆ ਰੱਖਿਆ ਉੱਥੇ ਰਾਜ ਸਰਕਾਰ ਲਾਚਾਰ ਨਜ਼ਰ ਆ ਰਹੀ ਹੈ। ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਭਲਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਦੌਰਾਨ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲਾਂ ਬਾਰੇ ਚਰਚਾ ਕੀਤੀ ਜਾਵੇਗੀ। ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਸ਼ੰਕੇ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਦੇ ਰੇਲ ਰੋਕੋ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਮੁਅੱਤਲ ਕੀਤੇ ਜਾਣ ਕਾਰਨ ਸੂਬੇ ’ਚ ਵੱਡਾ ਆਰਥਿਕ ਸੰਕਟ ਖੜ੍ਹਾ ਹੋਣ ਦਾ ਖ਼ਦਸ਼ਾ ਵੀ ਬਣ ਗਿਆ ਹੈ। ਭਾਰਤ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਜਥੇਬੰਦੀ ਦੀ ਅਗਵਾਈ ਹੇਠ 66 ਥਾਵਾਂ ’ਤੇ ਧਰਨੇ ਜਾਰੀ ਹਨ। ਇਹ ਧਰਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਮੂਹਰੇ ਤੇ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਟਿਕਾਣਿਆਂ ਅੱਗੇ ਦਿੱਤੇ ਜਾ ਰਹੇ ਹਨ। ਸ੍ਰੀ ਕੋਕਰੀ ਨੇ ਇਹ ਵੀ ਦੱਸਿਆ ਕਿ 5 ਨਵੰਬਰ ਦੇ ਦੇਸ਼ ਵਿਆਪੀ ਬੰਦ ਨੂੰ ਸਫ਼ਲ ਬਣਾਉਣ ਲਈ 14 ਜ਼ਿਲ੍ਹਿਆਂ ਵਿੱਚ 28 ਥਾਵਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ। ਕਿਸਾਨ ਅੰਦੋਲਨ ਦੌਰਾਨ ਇਹ ਵੀ ਦੇਖਿਆ ਗਿਆ ਹੈ ਕਿ ਜਿਨ੍ਹਾਂ ਟੌਲ ਪਲਾਜ਼ਿਆਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਕਿਸਾਨਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਉਨ੍ਹਾਂ ਟੌਲ ਪਲਾਜ਼ਿਆਂ ’ਤੇ ਵੀ ਮੁਲਾਜ਼ਮ ਕੰਮ ਸ਼ੁਰੂ ਕਰਨ ਦੀ ਹਿੰਮਤ ਨਹੀਂ ਕਰ ਰਹੇ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਹੇਠ ਸਿਰਫ਼ ਮਾਲਵੇ ਅੰਦਰ ਹੀ 56 ਥਾਵਾਂ ’ਤੇ ਧਰਨੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ ਪੰਜਾਬ ਦੇ ਮੰਤਰੀਆਂ ਨੇ ਮੀਟਿੰਗ ਦਾ ਸੱਦਾ ਦਿੱਤਾ ਹੈ ਤੇ ਉਸੇ ਦਿਨ ਜਥੇਬੰਦੀ ਦੀ ਮੀਟਿੰਗ ਹੋਵੇਗੀ ਜਿਸ ਦੌਰਾਨ ਭਵਿੱਖ ਦੀ ਰਣਨੀਤੀ ’ਤੇ ਵਿਚਾਰ ਕੀਤਾ ਜਾਵੇਗਾ। ਇਸੇ ਦੌਰਾਨ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜੰਡਿਆਲਾ ਗੁਰੂ ਵਿਖੇ ਰੇਲ ਰੋੋਕੋ ਅੰਦੋਲਨ 40ਵੇਂ ਦਿਨ ਅਤੇ ਬਠਿੰਡਾ-ਅੰਮ੍ਰਿਤਸਰ ਹਾਈਵੇਅ ਸੇਰੋਂ ਟੌਲ ਪਲਾਜ਼ਾ ਤੇ ਰਿਲਾਇੰਸ ਸ਼ਾਪਿੰਗ ਮਾਲ ਕਪੂਰਥਲਾ ਆਦਿ ਥਾਵਾਂ ’ਤੇ ਧਰਨੇ 24ਵੇਂ ਦਿਨ ਵੀ ਜਾਰੀ ਰਹੇ। ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ 6 ਨਵੰਬਰ ਤੱਕ ਰੇਲ ਰੋੋਕੋ ਅੰਦੋਲਨ ਜਾਰੀ ਰੱਖਣ ਦਾ ਫ਼ੈਸਲਾ ਪਹਿਲਾਂ ਹੋਇਆ ਹੈ, ਅਗਲਾ ਫ਼ੈਸਲਾ 5 ਨਵੰਬਰ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ‘ਜੋਟੀਦਾਰ’ ਕਾਰਪੋਰੇਟ ਘਰਾਣਿਆਂ ਦੇ ਦਬਾਅ ਵਿੱਚ ਦੇਸ਼ ਦੇ ਅੰਨਦਾਤਾ ਕਿਸਾਨਾਂ ਖ਼ਿਲਾਫ਼ ਆਰਡੀਨੈਂਸ ਲਾਗੂ ਕਰਕੇ ਮੰਡੀ, ਬਾਜ਼ਾਰ ਤੇ ਜ਼ਮੀਨਾਂ ਉੱਤੇ ਕਬਜ਼ਾ ਕਰਵਾਉਣ ਲਈ ਤਰਲੋਮੱਛੀ ਹੋ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 5 ਨਵੰਬਰ ਦੇ ਕੌਮੀ ਬੰਦ ਵਿੱਚ ਲਗਭਗ 40 ਥਾਵਾਂ ’ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਭਲਕੇ ਚੰਡੀਗੜ੍ਹ ਵਿਚ 11 ਵਜੇ ਸੂਬਾ ਆਗੂ ਕਿਸਾਨ ਭਵਨ ਪਹੁੰਚਣਗੇ ਤੇ ਐਡਵੋਕੇਟ ਜਨਰਲ ਨਾਲ ਮੀਟਿੰਗ ਕਰਨਗੇ।

Leave a Reply

Your email address will not be published. Required fields are marked *