ਸ਼ਵੇਤ ਮਲਿਕ ਦੇ ਘਰ ਬਾਹਰ ਧਰਨਾ 37ਵੇਂ ਦਿਨ ਵੀ ਜਾਰੀ

ਅੰਮ੍ਰਿਤਸਰ : ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਕਿਸਾਨਾਂ ਦਾ ਧਰਨਾ ਅੱਜ 37ਵੇਂ ਦਿਨ ਵੀ ਜਾਰੀ ਰਿਹਾ। ਇਹ ਧਰਨਾ ਖੇਤੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਤਹਿਤ ਲਾਇਆ ਜਾ ਰਿਹਾ ਹੈ। ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਜਤਿੰਦਰ ਸਿੰਘ ਛੀਨਾ, ਹਰਜੀਤ ਸਿੰਘ ਝੀਤੇ, ਕੰਵਲਪ੍ਰੀਤ ਸਿੰਘ ਪੰਨੂ ਤੇ ਹੋਰਨਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਪੰਜ ਨਵੰਬਰ ਦੇ ‘ਚੱਕਾ ਜਾਮ’ ਨੂੰ ਪੂਰੇ ਦੇਸ਼ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ। ਇਸ ਦੇਸ਼ ਪੱਧਰੀ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੀ ਘੇਰਾਬੰਦੀ ਖਤਮ ਕਰਨ ਲਈ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ।