ਕਿਸਾਨਾਂ ਨੇ ਇਤਿਹਾਸ ਸਿਰਜਿਆ: ਦਿਲਜੀਤ

ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਅੱਜ ਦਿੱਲੀ ’ਚ ਚੱਲ ਰਹੇ ਕਿਸਾਨ ਧਰਨੇ ’ਚ ਸ਼ਮੂਲੀਅਤ ਕਰਦਿਆਂ ਸੰਘਰਸ਼ ਨੂੰ ਹਮਾਇਤ ਦਿੱਤੀ ਹੈ। ਪ੍ਰਾਪਤ ਸੂਚਨਾ ਅਨੁਸਾਰ ਦਿਲਜੀਤ ਦੁਸਾਂਝ ਅਮਰੀਕਾ ਤੋਂ ਸਿੱਧਾ ਧਰਨੇ ਵਾਲੀ ਥਾਂ ’ਤੇ ਪਹੁੰਚਿਆ ਹੈ। ਦਿਲਜੀਤ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਇੱਥੇ ਕੁਝ ਕਹਿਣ ਨਹੀਂ ਬਲਕਿ ਤੁਹਾਨੂੰ ਸੁਣਨ ਆਇਆ ਹਾਂ। ਮੈਂ ਤੁਹਾਨੂੰ ਇਤਿਹਾਸ ਰਚਣ ਲਈ ਮੁਬਾਰਕਾਂ ਦਿੰਦਾ ਹਾਂ। ਅਸੀਂ ਹਮੇਸ਼ਾ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਹੀ ਸੁਣੀਆਂ ਸਨ ਪਰ ਹੁਣ ਅਸੀਂ ਇਤਿਹਾਸ ਸਿਰਜੇ ਜਾਣ ਦੇ ਪਲਾਂ ਦਾ ਗਵਾਹ ਬਣ ਰਹੇ ਹਾਂ।’ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਦਿਲਜੀਤ ਤੋਂ ਇਲਾਵਾ ਅੱਜ ਕੰਵਰ ਗਰੇਵਾਲ, ਬੀਰ ਸਿੰਘ, ਪ੍ਰੀਤ ਸੰਗਰੇੜੀ, ਰਾਜਬੀਰ ਜਵੰਧਾ, ਮਹਿਤਾਬ, ਕੁਲਵਿੰਦਰ ਬਿੱਲਾ, ਗਾਲਿਬ ਵੜੈਚ, ਅੰਗੇਰਜ਼ ਅਲੀ, ਬੌਕਸਰ ਵਰਿੰਦਰ ਸਿੰਘ ਘੁੰਮਣ ਸਮੇਤ ਕਰੀਬ ਦਰਜਨ ਭਰ ਕਲਾਕਾਰਾਂ ਨੇ ਹਾਜ਼ਰੀ ਕਿਸਾਨ ਸੰਘਰਸ਼ ’ਚ ਹਾਜ਼ਰੀ ਲੁਆਈ। ਕਲਾਕਾਰਾਂ ਨੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਲਈ 20 ਲੱਖ ਰੁਪਏ ਦਾ ਚੈੱਕ ਵੀ ਕਿਸਾਨ ਮੋਰਚੇ ਦੇ ਆਗੂਆਂ ਨੂੰ ਸੌਂਪਿਆ। ਦਿਲਜੀਤ ਨੇ ਕੰਗਨਾ ਦਾ ਨਾਂ ਲਏ ਬਿਨਾਂ ਕਿਹਾ, ‘ਜੇ ਤੁਸੀ ਸਾਨੂੰ ਸੁਣ ਰਹੋ ਹੋ ਤਾਂ ਦੇਖੋ ਕਿ ਇੱਥੇ ਕਿਸਾਨ ਮਸਲਿਆਂ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਹੋ ਰਹੀ। ਕਿਰਪਾ ਕਰਕੇ ਮੁੱਦੇ ਨਾ ਭਟਕਾਓ। ਇੱਥੇ ਹਰ ਕੋਈ ਸ਼ਾਂਤ ਹੈ ਤੇ ਕੋਈ ਵੀ ਖੂਨ-ਖਰਾਬੇ ਦੀ ਗੱਲ ਨਹੀਂ ਕਰ ਰਿਹਾ।’

ਬੌਲੀਵੁੱਡ ਤੋਂ ਪੂਰੀ ਹਮਾਇਤ ਨਾ ਮਿਲਣ ਤੋਂ ਗਿੱਪੀ ਗਰੇਵਾਲ ਨਿਰਾਸ਼

ਮੁੰਬਈ:ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਅੱਜ ਬੌਲੀਵੁੱਡ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਅਜਿਹੇ ਸਮੇਂ ਪੰਜਾਬ ਦੇ ਪੱਖ ’ਚ ਖੜ੍ਹਾ ਨਹੀਂ ਹੋਇਆ ਜਦੋਂ ਸੂਬਿਆਂ ਨੂੰ ਕਿਸਾਨਾਂ ਦੇ ਪ੍ਰਦਰਸ਼ਨਾਂ ਵਿਚਾਲੇ ਉਨ੍ਹਾਂ ਦੀ ਹਮਾਇਤ ਵੀ ਸਭ ਤੋਂ ਵੱਧ ਲੋੜ ਸੀ। ਗਿੱਪੀ ਗਰੇਵਾਲ ਨੇ ਟਵੀਟ ਕੀਤਾ, ‘ਪਿਆਰੇ ਬੌਲੀਵੁੱਡ, ਹਮੇਸ਼ਾ ਤੁਹਾਡੀਆਂ ਫਿਲਮਾਂ ਪੰਜਾਬ ’ਚ ਬਹੁਤ ਕਾਮਯਾਬ ਰਹੀਆਂ ਤੇ ਇੱਥੇ ਹਰ ਵਾਰ ਖੁੱਲ੍ਹੀਆਂ ਬਾਹਾਂ ਨਾਲ ਤੁਹਾਡਾ ਸਵਾਗਤ ਕੀਤਾ ਗਿਆ ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ ਤਾਂ ਤੁਸੀਂ ਨਾ ਆਏ ਤੇ ਨਾ ਹੀ ਇੱਕ ਵੀ ਸ਼ਬਦ ਕਿਹਾ। ਬਹੁਤ ਨਿਰਾਸ਼ਾ ਹੋਈ।’ ਜੈਜ਼ੀ ਬੀ ਨੇ ਗਰੇਵਾਲ ਦੀ ਹਮਾਇਤ ਕਰਦਿਆਂ ਟਵੀਟ ਕੀਤਾ, ‘ਜਿਨ੍ਹਾਂ ਦੀ ਜ਼ਮੀਰ ਜਿਊਂਦੀ ਹੈ, ਉਹ ਹਮਾਇਤ ਲਈ ਆ ਰਹੇ ਹਨ।’

Leave a Reply

Your email address will not be published. Required fields are marked *