ਸਾਬਕਾ ਸੈਨਿਕਾਂ ਨੇ ਕੇਂਦਰ ਦੇ ਮਤੇ ਦੀਆਂ ਕਾਪੀਆਂ ਸਾੜੀਆਂ

ਖੰਨਾ : ਅੱਜ ਸਾਬਕਾ ਸੈਨਿਕਾਂ ਦੀ ਮਾਸਿਕ ਇਕੱਤਰਤਾ ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਸਾਬਕਾ ਫੌਜੀਆਂ ਅਤੇ ਵੀਰ ਨਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਕੈਪਟਨ ਨੰਦ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਸਾਬਕਾ ਸੈਨਿਕਾਂ ਦੀਆਂ ਪੈਨਸ਼ਨਾਂ ਅਤੇ ਡਿਊਟੀ ’ਤੇ ਤਾਇਨਾਤ ਜਵਾਨਾਂ ਦੀ ਸਰਵਿਸ ਵਿਚ ਕਟੌਤੀ ਕਰਨ ਦਾ ਮਤਾ ਲਿਆਉਣਾ ਚਾਹੁੰਦੀ ਹੈ, ਉਹ ਬਹੁਤ ਹੀ ਗਿਰੀ ਹੋਈ ਹਰਕਤ ਹੈ। ਇਸ ਮੌਕੇ ਸਾਬਕਾ ਫੌਜੀਆਂ ਵੱਲੋਂ ਮਤੇ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸੈਨਿਕਾਂ ਅਤੇ ਕਿਸਾਨਾਂ ਨਾਲ ਮਾੜਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਨਾ ਸੈਨਿਕ ਬਖਸ਼ਿਆ ਅਤੇ ਨਾ ਹੀ ਦੇਸ਼ ਦਾ ਕਿਸਾਨ।
ਉਪਰੋਕਤ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਤੇ ਜਵਾਨਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਤੁਰੰਤ ਲਾਗੂ ਕਰੇ। ਇਸ ਮੌਕੇ ਸੂਬੇਦਾਰ ਰੱਬੀਂ ਸਿੰਘ, ਗੁਰਦਿਆਲ ਸਿੰਘ, ਹਰੀ ਸਿੰਘ, ਬੰਤ ਸਿੰਘ, ਜਵਾਲਾ ਸਿੰਘ, ਜਗਰੂਪ ਸਿੰਘ, ਹਰਜਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।