ਮੋਰਚੇ ਦੌਰਾਨ ਦੋ ਹੋਰ ਕਿਸਾਨ ‘ਸ਼ਹੀਦ’

ਮਲੋਟ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਰੀਬ ਡੇਢ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਗਏ ਗਿੱਦੜਬਾਹਾ ਹਲਕੇ ਦੇ ਪਿੰਡ ਲੁੰਡੇਵਾਲਾ ਦੇ ਕਿਸਾਨ ਜਗਦੀਸ਼ ਸਿੰਘ ਨੰਬਰਦਾਰ ਦੀ ਅੱਜ ਟਿਕਰੀ ਬਾਰਡਰ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦਕਿ ਪਿੰਡ ਅਬੁਲਖੁਰਾਣਾ ਦੇ ਹਰਪਿੰਦਰ ਸਿੰਘ ਉਰਫ਼ ਨੀਟੂ ਖਾਲਸਾ (43) ਨੇ ਲੁਧਿਆਣਾ ਦੇ ਹਸਪਤਾਲ ’ਚ ਦਮ ਤੋੜ ਦਿੱਤਾ।
ਜਗਦੀਸ਼ ਸਿੰਘ ਨੰਬਰਦਾਰ ਦੇ ‘ਸ਼ਹੀਦ’ ਹੋਣ ਦੀ ਖ਼ਬਰ ਜਿਵੇਂ ਹੀ ਪਿੰਡ ਲੁੰਡੇਵਾਲਾ ਪੁੱਜੀ ਤਾਂ ਸਾਰੇ ਪਿੰਡ ਵਿੱਚ ਸੋਗ ਫੈਲ ਗਿਆ। ਪਿੰਡ ਦੇ ਕਾਂਗਰਸੀ ਆਗੂ ਅਤੇ ਸਰਪੰਚ ਦੇ ਪਤੀ ਵਜੀਰ ਸਿੰਘ ਲੁੰਡੇਵਾਲਾ ਨੇ ਦੱਸਿਆ ਕਿ ਜਗਦੀਸ਼ ਸਿੰਘ ਪਿਛਲੇ ਕਈ ਦਿਨਾਂ ਤੋਂ ਦਿੱਲੀ ਧਰਨੇ ਵਿੱਚ ਡਟੇ ਹੋਏ ਸਨ ਅਤੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਮ ਤੋੜ ਦਿੱਤਾ। ਉਨ੍ਹਾਂ ਦਾ ਕੱਲ੍ਹ ਸਵੇਰੇ 11 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਅਬੁਲਖੁਰਾਣਾ ਦਾ ਹਰਪਿੰਦਰ ਸਿੰਘ ਉਰਫ ਨੀਟੂ ਖਾਲਸਾ ਲੋਕ ਭਲਾਈ ਦੇ ਕੰਮਾਂ ਨਾਲ ਵੀ ਜੁੜਿਆ ਹੋਇਆ ਸੀ। ਦਿੱਲੀ ’ਚ ਚੱਲ ਰਹੇ ਸੰਘਰਸ਼ ਦੌਰਾਨ ਉਸ ਨੂੰ ਤੇਜ਼ ਬੁਖਾਰ ਚੜ੍ਹਿਆ ਜਿਸ ਮਗਰੋਂ ਹਰਪਿੰਦਰ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਤਬੀਅਤ ’ਚ ਸੁਧਾਰ ਨਾ ਹੋਣ ’ਤੇ ਉਸ ਨੂੰ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਕਿਸਾਨੀ ਸੰਘਰਸ਼ ਨੇ ਲਈ ਬੇ-ਜ਼ਮੀਨੇ ਕਿਰਤੀ ਦੀ ਜਾਨ
ਖਨੌਰੀ : ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਅੱਜ ਸਥਾਨਕ ਬੇ-ਜ਼ਮੀਨੇ ਕਿਰਤੀ ਕਿਸਾਨ ਮੋਤੀ ਲਾਲ ਛਾਂਛੀਆਂ ਦੀ ਮੌਤ ਹੋ ਗਈ। ਮੋਤੀ ਲਾਲ ਛਾਂਛੀਆਂ ਸ਼ੁਰੂਆਤੀ ਦਿਨਾਂ ਤੋਂ ਹੀ ਬਹੁਜਨ ਸਮਾਜ ਪਾਰਟੀ ਨਾਲ ਜੁੜਿਆ ਹੋਇਆ ਸੀ ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਦਾ ਵਿਰੋਧ ਕਰ ਰਿਹਾ। ਉਹ ਇਸ ਦੌਰਾਨ 4-5 ਵਾਰ ਦਿੱਲੀ ਵੀ ਗਿਆ। ਆਖ਼ਰੀ ਵਾਰ ਉਹ 31 ਦਸੰਬਰ ਨੂੰ ਨਵਾਂ ਸਾਲ ਕਿਸਾਨਾਂ ਨਾਲ ਮਨਾਉਣ ਦਿੱਲੀ ਗਿਆ ਤੇ 31 ਦਸੰਬਰ ਦੀ ਰਾਤ ਨੂੰ ਹੀ ਉੱਥੇ ਬਿਮਾਰ ਹੋ ਗਿਆ। 2 ਜਨਵਰੀ ਨੂੰ ਉਹ ਘਰ ਵਾਪਸ ਆਇਆ ਅਤੇ ਇਕ ਦਿਨ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਰਿਹਾ। ਬਾਅਦ ਵਿੱਚ ਉਸ ਨੂੰ ਟੋਹਾਣਾ ਤੇ ਫਿਰ ਪਟਿਆਲਾ ਭਰਤੀ ਕਰਵਾਇਆ ਗਿਆ ਜਿੱਥੇ ਅੱਜ ਤੜਕੇ ਉਸ ਦੀ ਮੌਤ ਹੋ ਗਈ।