ਸਿਆਸੀ ਰੰਜਿਸ਼ ਕਾਰਨ ਗੋਲੀਬਾਰੀ ਵਿੱਚ ਚਾਚੇ-ਭਤੀਜੇ ਦੀ ਮੌਤ

ਡੇਰਾ ਬਾਬਾ ਨਾਨਕ : ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਵਿੱਚ ਅੱਜ ਸਵੇਰੇ ਸਰਪੰਚ ਅਤੇ ਸਾਬਕਾ ਸਰਪੰਚ ਦੀਆਂ ਦੋ ਧਿਰਾਂ ਵਿਚਾਲੇ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਚੱਲੀ ਗੋਲੀ ਕਾਰਨ ਸਰਪੰਚ ਦੇ ਲੜਕੇ ਤੇ ਇੱਕ ਸਾਬਕਾ ਸਰਪੰਚ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕ ਮਨਜੀਤ ਸਿੰਘ ਪਿੰਡ ਦੀ ਸਰਪੰਚ ਦਾ ਲੜਕਾ ਸੀ ਅਤੇ ਦੂਸਰੀ ਧਿਰ ਦਾ ਮ੍ਰਿਤਕ ਹਰਦਿਆਲ ਸਿੰਘ ਸਾਬਕਾ ਸਰਪੰਚ ਸੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਵਾਸੀ ਪਿੰਡ ਮਛਰਾਲਾ ਦੀ ਮਾਤਾ ਪਿੰਡ ਦੀ ਸਰਪੰਚ ਹੈ ਅਤੇ ਪਿੰਡ ਦੇ ਸਾਰੇ ਵਿਕਾਸ ਕਾਰਜਾਂ ਦੀ ਨਿਗਰਾਨੀ ਮਨਜੀਤ ਸਿੰਘ ਹੀ ਕਰਦਾ ਸੀ। ਦੂਸਰੀ ਧਿਰ ਦਾ ਹਰਦਿਆਲ ਸਿੰਘ ਮਨਜੀਤ ਸਿੰਘ ਦਾ ਸ਼ਰੀਕੇ ਵਿੱਚੋਂ ਚਾਚਾ ਲੱਗਦਾ ਸੀ ਅਤੇ ਦੋਵਾਂ ਧਿਰਾਂ ਦਰਮਿਆਨ ਪੰਚਾਇਤੀ ਚੋਣਾਂ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ। ਅੱਜ ਸਵੇਰੇ ਪਿੰਡ ਦੇ ਸਮਸ਼ਾਨਘਾਟ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮਨਜੀਤ ਸਿੰਘ ਮੌਕੇ ’ਤੇ ਗਿਆ ਤਾਂ ਦੂਸਰੀ ਧਿਰ ਦੇ ਕੁੱਝ ਵਿਅਕਤੀਆਂ ਨਾਲ ਉਸ ਦੀ ਤਕਰਾਰ ਹੋ ਗਈ। ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਦੌਰਾਨ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਅੰਮ੍ਰਿਤਸਰ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਵਿੱਚ ਮਨਜੀਤ ਸਿੰਘ ਦਾ ਭਰਾ ਦਲਜੀਤ ਸਿੰਘ ਅਤੇ ਦੂਸਰੀ ਧਿਰ ਦਾ ਵੀ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਹਨ। ਐੱਸਪੀ ਤੇਜਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਮਾਂ ਪਿੰਡ ਦੀ ਸਰਪੰਚ ਹੈ ਜਦਕਿ ਵਿਕਾਸ ਕਾਰਜ ਮਨਜੀਤ ਸਿੰਘ ਹੀ ਦੇਖਦਾ ਸੀ। ਅੱਜ ਸਵੇਰੇ ਵਿਕਾਸ ਕਾਰਜਾਂ ਨੂੰ ਲੈ ਕੇ ਤਕਰਾਰ ਤੋਂ ਮਗਰੋਂ ਹੋਈ ਗੋਲੀਬਾਰੀ ਵਿੱਚ ਮਨਜੀਤ ਸਿੰਘ ਅਤੇ ਹਰਦਿਆਲ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਥਾਣਾ ਡੇਰਾ ਬਾਬਾ ਨਾਨਕ ਦੀ ਪੁਲੀਸ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਮਗਰੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *