ਦਿੱਲੀ ਧਰਨੇ ਤੋਂ ਪਰਤ ਰਹੇ ਕਿਸਾਨ ਸੜਕ ਹਾਦਸੇ ਦਾ ਸ਼ਿਕਾਰ

ਕੁਰਾਲੀ : ਇੱਥੇ ਬਾਈਪਾਸ ’ਤੇ ਅੱਜ ਹੋਏ ਇੱਕ ਸੜਕ ਹਾਦਸੇ ਵਿੱਚ ਦਿੱਲੀ ਧਰਨੇ ਤੋਂ ਪਰਤ ਰਹੇ ਅੱਧਾ ਦਰਜਨ ਕਿਸਾਨ ਜ਼ਖ਼ਮੀ ਹੋ ਗਏ। ਤਿੰਨ ਗੰਭੀਰ ਜ਼ਖ਼ਮੀ ਕਿਸਾਨਾਂ ਨੂੰ ਇਲਾਜ ਲਈ ਚੰਡੀਗੜ੍ਹ ਰੈੱਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਿਸਾਨਾਂ ਨਾਲ ਭਰਿਆ ਇਹ ਟੈਂਪੂ ਰੂਪਨਗਰ ਵੱਲ ਜਾ ਰਿਹਾ ਸੀ। ਇਹ ਜਦੋਂ ਕੁਰਾਲੀ ਬਾਈਪਾਸ ’ਤੇ ਪਡਿਆਲਾ ਨੇੜੇ ਪਹੁੰਚਿਆ ਤਾਂ ਟੈਂਪੂ ਅੱਗੇ ਜਾ ਰਹੇ ਟਿੱਪਰ ਨੇ ਅਚਾਨਕ ਬਰੇਕ ਲਗਾ ਦਿੱਤੀ, ਜਿਸ ਕਾਰਨ ਦੋਹਾਂ ਵਾਹਨਾਂ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ ਟੈਂਪੂ ਸਵਾਰ ਅੱਧੀ ਦਰਜਨ ਤੋਂ ਵਧ ਕਿਸਾਨ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਟਿੱਪਰ ਚਾਲਕ ਵਾਹਨ ਭਜਾ ਕੇ ਲੈ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਕੁਰਾਲੀ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਗੰਭੀਰ ਜ਼ਖ਼ਮੀ ਗੁਰਪ੍ਰੀਤ ਸਿੰਘ (25) ਵਾਸੀ ਨੂਰਪੁਰ ਬੇਦੀ, ਹਰਪਾਲ ਸਿੰਘ ਲੱਕੀ (26) ਵਾਸੀ ਪਿੰਡ ਰੌਲੀ ਅਤੇ ਗੁਰਵਿੰਦਰ ਸਿੰਘ ਨਿਵਾਸੀ ਮੁੰਨੇ ਨੂੰ ਇਲਾਜ ਲਈ ਚੰਡੀਗੜ੍ਹ ਰੈੱਫ਼ਰ ਕਰ ਦਿੱਤਾ ਹੈ।
ਇਸ ਸਬੰਧੀ ਸਤਨਾਮ ਸਿੰਘ ਨਾਗਰਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕਾਕੂ ਅਤੇ ਹਰਪਾਲ ਸਿੰਘ ਲੱਕੀ ਹਾਦਸੇ ਦੌਰਾਨ ਟੈਂਪੂ ਦੇ ਅਗਲੇ ਕੈਬਿਨ ਵਿੱਚ ਬੈਠੇ ਸਨ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਹਾਦਸਾ ਅੱਧੀ ਰਾਤ ਵਾਪਰਨ ਕਾਰਨ ਕੈਬਿਨ ਵਿੱਚ ਫਸੇ ਜ਼ਖ਼ਮੀਆਂ ਨੂੰ ਹਾਦਸੇ ਤੋਂ ਕਾਫੀ ਦੇਰ ਬਾਅਦ ਭਾਰੀ ਮੁਸ਼ੱਕਤ ਨਾਲ ਬਾਹਰ ਕੱਢਿਆ ਜਾ ਸਕਿਆ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।