ਡਿਊਟੀ ਦੌਰਾਨ ਫੌਜੀ ਜਵਾਨ ਦੀ ਮੌਤ

ਬਲਾਚੌਰ: ਜੰਮੂ ਕਸ਼ਮੀਰ ਵਿੱਚ 168 ਫੀਲਡ ਰੈਜਮੈਂਟ ਵਿੱਚ ਡਿਊਟੀ ਨਿਭਾਉਂਦਿਆਂ ਸਿਹਤ ਖਰਾਬ ਹੋਣ ਕਾਰਨ ਸਿਪਾਹੀ ਅਰਸ਼ਦੀਪ ਸਿੰਘ (22) ਦੀ ਮੌਤ ਹੋ ਗਈ। ਇਸ ਕਾਰਨ ਪਿੰਡ ਮਾਜਰਾ ਜੱਟਾਂ ਦੇ ਵਸਨੀਕ ਮਲਕੀਤ ਸਿੰਘ ਮਾਨ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ। ਫੌਜ ਵੱਲੋਂ ਮਿਲੇ ਸੁਨੇਹੇ ’ਤੇ ਉਸ ਦੇ ਪਰਿਵਾਰ ਵਾਲੇ ਕਠੂਆ ਦੇ ਹਸਪਤਾਲ ਪਹੁੰਚ ਗਏ। ਸੂਬੇਦਾਰ ਵਿਜੈ ਕੁਮਾਰ ਦੀ ਅਗਵਾਈ ਵਿੱਚ ਅੱਜ ਬਾਅਦ ਦੁਪਹਿਰ ਉਸ ਦੀ ਲਾਸ਼ ਪਿੰਡ ਪਹੁੰਚੀ। ਅਰਸ਼ਦੀਪ ਸਿੰਘ ਸਵਾ ਦੋ ਕੁ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਅਰਸ਼ਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਫੌਜੀ ਅਫਸਰਾਂ ਅਤੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਲਾਮੀ ਦਿੱਤੀ।