ਆੜ੍ਹਤੀ ਨੂੰ ਅਗਵਾ ਕਰ ਕੇ ਫ਼ਿਰੌਤੀ ਮੰਗਣ ਵਾਲਿਆਂ ਨੂੰ ਉਮਰ ਕੈਦ

ਬਨੂੜ: ਮੁਹਾਲੀ ਦੇ ਵਧੀਕ ਸੈਸ਼ਨ ਜੱਜ ਦਵਿੰਦਰ ਕੁਮਾਰ ਗੁਪਤਾ ਨੇ ਬਨੂੜ ਦੇ ਆੜ੍ਹਤੀ ਆਸ਼ੂ ਜੈਨ ਨੂੰ ਅਗਵਾ ਕਰਕੇ ਪੰਜ ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿੱਚ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ ਦੀਪਕ ਸ਼ਰਮਾ, ਅੰਮ੍ਰਿਤਪਾਲ ਸਿੰਘ, ਮਨਦੀਪ ਸਿੰਘ, ਸੁਖਦੇਵ ਸਿੰਘ ਅਤੇ ਬਲਰਾਜ ਸਿੰਘ ਸ਼ਾਮਿਲ ਹਨ। ਸਮੁੱਚੇ ਵਸਨੀਕ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਮੁਦੱਈ ਆਸ਼ੂ ਜੈਨ ਦੇ ਵਕੀਲ ਬਿਕਰਮਜੀਤ ਪਾਸੀ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਮੁਹਾਲੀ ਦੇ ਅਦਾਲਤ ਵਿੱਚ ਇਹ ਫੈਸਲਾ ਸੁਣਾਇਆ ਗਿਆ। ਆੜ੍ਹਤੀ ਆਸ਼ੂ ਜੈਨ ਨੂੰ 30-5-2017 ਨੂੰ ਬਨੂੜ ਮੰਡੀ ਵਿੱਚੋਂ ਅਗਵਾ ਕੀਤਾ ਗਿਆ। ਉਸ ਨੂੰ ਅਠਾਰਾਂ ਦਿਨ ਅਗਵਾਕਾਰਾਂ ਨੇ ਆਪਣੀ ਗ੍ਰਿਫ਼ਤ ਵਿੱਚ ਰੱਖਿਆ ਅਤੇ ਉਸ ਕੋਲੋਂ ਪੰਜ ਕਰੋੜ ਦੀ ਫ਼ਿਰੌਤੀ ਮੰਗੀ ਗਈ 16 ਜੂਨ ਨੂੰ ਆਸ਼ੂ ਜੈਨ ਰਾਤ ਸਮੇਂ ਜੰਡਿਆਲਾ ਗੁਰੂ ਤੋਂ ਅਗਵਾਕਾਰਾਂ ਦੀ ਗ੍ਰਿਫ਼ਤ ਵਿੱਚੋਂ ਬਚ ਨਿਕਲਣ ਵਿੱਚ ਸਫ਼ਲ ਹੋ ਗਿਆ ਸੀ ਤੇ ਉਸ ਖੇਤਰ ਵਿੱਚ ਆੜ੍ਹਤੀ ਦੀ ਭਾਲ ਵਿੱਚ ਪਹੁੰਚੀ ਪੁਲੀਸ ਨੇ ਉਸ ਨੂੰ ਇੱਕ ਪੈਟਰੋਲ ਪੰਪ ਦੇ ਨੇੜਿਉਂ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਸੀ।
ਬਨੂੜ ਦੇ ਆੜ੍ਹਤੀ ਆਸ਼ੂ ਜੈਨ ਨੇ ਆਖਿਆ ਕਿ ਅਦਾਲਤ ਨੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਹੈ। ਉਨ੍ਹਾਂ ਬਨੂੜ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਨਿਭਾਈ ਭੂਮਿਕਾ ਅਤੇ ਵਕੀਲ ਬਿਕਰਮਜੀਤ ਪਾਸੀ ਵੱਲੋਂ ਅਦਾਲਤ ਵਿੱਚ ਕੀਤੀ ਪੈਰਵਾਈ ਲਈ ਧੰਨਵਾਦ ਕੀਤਾ।