ਛਾਪਾ ਮਾਰਨ ਗਈ ਪੁਲੀਸ ਤੇ ਪਿੰਡ ਵਾਸੀਆਂ ਵਿਚਾਲੇ ਚੱਲੀ ਗੋਲੀ

ਪਟਿਆਲਾ: ਇੱਥੋਂ ਦੇ ਪਿੰਡ ਜਗਤਪੁਰਾ ’ਚ ਅੱਜ ਸ਼ਰਾਬ ਬਰਾਮਦਗੀ ਲਈ ਛਾਪਾ ਮਾਰਨ ਗਈ ਪੁਲੀਸ ਤੇ ਪਿੰਡ ਵਾਸੀਆਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਨਾ ਸਿਰਫ਼ ਇੱਟਾਂ-ਰੋੜੇ, ਬਲਕਿ ਗੋਲ਼ੀਆਂ ਵੀ ਚੱਲੀਆਂ ਜਿਸ ਕਾਰਨ ਇੱਕ ਹੌਲਦਾਰ ਤੇ ਇੱਕ ਨੌਜਵਾਨ ਜ਼ਖਮੀ ਹੋ ਗਏ।
ਇਕ ਹੋਰ ਪੁਲੀਸ ਮੁਲਾਜ਼ਮ ਤੇ ਦੋ ਪਿੰਡ ਵਾਸੀਆਂ ਨੂੰ ਵੀ ਸੱਟਾਂ ਵੱਜੀਆਂ ਹਨ। ਪੁਲੀਸ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਲੋਕਾਂ ਨੇ ਪੁਲੀਸ ਦੀਆਂ ਚਾਰ ਗੱਡੀਆਂ ਵੀ ਭੰਨ ਦਿੱਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਪਟਿਆਲਾ ਦੀ ਇੱਕ ਟੀਮ ਨੇ ਸ਼ਰਾਬ ਬਰਾਮਦਗੀ ਦੇ ਮਾਮਲੇ ’ਚ ਲੰਘੀ ਰਾਤ ਜਗਤਪੁਰਾ ਵਾਸੀ ਹਰਭਜਨ ਸਿੰਘ ਦੇ ਘਰ ਛਾਪਾ ਮਾਰਿਆ ਸੀ ਪਰ ਇਸ ਪਰਿਵਾਰ ਸਮੇਤ ਕੁਝ ਪਿੰਡ ਵਾਸੀਆਂ ਨੇ ਪੁਲੀਸ ਕਾਰਵਾਈ ਦਾ ਵਿਰੋਧ ਕਰਦਿਆਂ ਪਥਰਾਓ ਕਰ ਦਿੱਤਾ ਤਾਂ ਪੁਲੀਸ ਵਾਪਸ ਚਲੀ ਗਈ। ਪਰਿਵਾਰ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਪੁਲੀਸ ਖੁਦ ਹੀ ਕਥਿਤ ਬੱਝਵੀਂ ਰਿਸ਼ਵਤ ਲੈ ਕੇ ਸ਼ਰਾਬ ਦਾ ਧੰਦਾ ਕਰਵਾਉਂਦੀ ਰਹੀ ਹੈ। ਹੁਣ ਉਨ੍ਹਾਂ ਇਹ ਧੰਦਾ ਬੰਦ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਪੈਸਿਆਂ ਤੋਂ ਜਵਾਬ ਦੇ ਦਿੱਤਾ। ਜਵਾਬ ਤੋਂ ਖਫ਼ਾ ਹੋ ਕੇ ਹੀ ਪੁਲੀਸ ਨੇ ਹਰਭਜਨ ਸਿੰਘ ਨੂੰ ਕਥਿਤ ਤੌਰ ’ਤੇ ਝੂਠਾ ਫਸਾਉਣ ਲਈ ਛਾਪਾ ਮਾਰਿਆ। ਲੰਘੀ ਰਾਤ ਪਥਰਾਅ ਕਰਨ ਸਬੰਧੀ ਹਰਭਜਨ ਸਿੰਘ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਸੀਆਈਏ ਸਟਾਫ਼ ਦੀ ਟੀਮ ਅੱਜ ਸਵੇਰ ਹਰਭਜਨ ਸਿੰਘ ਦੇ ਘਰ ਆ ਪੁੱਜੀ। ਇਸ ਦੌਰਾਨ ਪਿੰਡ ਦੇ ਲੋਕ ਵੀ ਇਸ ਪਰਿਵਾਰ ਦੀ ਪਿੱਠ ’ਤੇ ਆ ਖਲੋਤੇ ਅਤੇ ਉਨ੍ਹਾਂ ਪੁਲੀਸ ’ਤੇ ਘਰ ਦੇ ਸਾਮਾਨ ਦੀ ਭੰਨ ਤੋੜ ਕਰਨ ਤੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਦੇ ਦੋਸ਼ ਲਾਏ। ਪੁਲੀਸ ਜਦੋਂ ਇੱੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਲਿਜਾਣ ਲੱਗੀ ਤਾਂ ਉਨ੍ਹਾਂ ਦਾ ਪਿੰਡ ਵਾਸੀਆਂ ਨਾਲ ਟਕਰਾਓ ਹੋ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਪਥਰਾਅ ਕੀਤਾ ਅਤੇ ਡਾਂਗਾਂ-ਸੋਟੇ ਵੀ ਚਲਾਏ। ਲੋਕਾਂ ਨੇ ਪੁਲੀਸ ਦੀਆਂ ਚਾਰ ਗੱਡੀਆਂ ਵੀ ਭੰਨ ਦਿੱਤੀਆਂ। ਹੌਲਦਾਰ ਰਾਜਾ ਰਾਮ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਪਰ ਦੋਵੇਂ ਧਿਰਾਂ ਇੱਕ ਦੂਜੇ ਦੇ ਗੋਲੀਆਂ ਮਾਰਨ ਤੋਂ ਇਨਕਾਰ ਕਰ ਰਹੀਆਂ ਹਨ। ਡੀਐੱਸਪੀ (ਆਰ) ਅਜੈਪਾਲ ਸਿੰਘ ਦਾ ਕਹਿਣਾ ਹੈ ਕਿ ਹੌਲਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਮਗਰੋਂ ਮੁਲਜ਼ਮਾਂ ਨੇ ਖੁਦ ਹੀ ਆਪਣੇ ਬੰਦੇ ਗੁਰਪ੍ਰੀਤ ਦੇ ਵੀ ਗੋਲੀ ਮਾਰ ਲਈ। ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਅਤੇ ਇਸ ਦੇ ਦੋ ਲੜਕਿਆਂ ਖ਼ਿਲਾਫ਼ 15 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਵੱਲੋਂ ਸ਼ਰਾਬ ਲਿਆਂਦੇ ਜਾਣ ਦੀ ਸੂਚਨਾ ਮਿਲਣ ’ਤੇ ਟੀਮ ਨੇ ਛਾਪਾ ਮਾਰਿਆ ਸੀ ਪਰ ਪੁਲੀਸ ’ਤੇ ਹਮਲਾ ਕਰ ਦਿੱਤਾ ਗਿਆ। ਇਸ ਸਬੰਧੀ ਦਰਜ ਹੋਏ ਕੇਸ ਤਹਿਤ ਅੱਜ ਜਦੋਂ ਪੁਲੀਸ ਨੇ ਪਿੰਡ ਆ ਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਲੋਕਾਂ ਨੇ ਪੁਲੀਸ ’ਤੇ ਹਮਲਾ ਕਰਦਿਆਂ ਉਸ ਨੂੰ ਛੁਡਾ ਲਿਆ। ਉਧਰ ਹਰਭਜਨ ਸਿੰਘ ਧਿਰ ਨੇ ਕਿਹਾ ਕਿ ਪੁਲੀਸ ਨੇ ਆਪਣੇ ਬਚਾਅ ਲਈ ਕਥਿਤ ਤੌਰ ’ਤੇ ਖੁਦ ਹੀ ਹੌਲਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਹੈ। ਸਨੌਰ ਥਾਣੇ ਦੇ ਮੁਖੀ ਗੁਰਨਾਮ ਸਿੰਘ ਘੁੰਮਣ ਨੇ ਦੱਸਿਆ ਕਿ ਅੱਜ ਦੀ ਘਟਨਾ ਸਬੰਧੀ ਵੀ ਕੁਝ ਮਹਿਲਾਵਾਂ ਸਮੇਤ ਕਈ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।