ਲੋਕਾਂ ਨੂੰ ਨਸੀਹਤ ਦੇਣ ਵਾਲੇ ਮੰਤਰੀਆਂ ਨੇ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ

ਖੰਨਾ: ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਧਰਨੇ ਨਾ ਲਾਉਣ ਤੇ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਪਰ ਕੈਪਟਨ ਸਰਕਾਰ ਦੇ ਮੰਤਰੀ ਤੇ ਵਿਧਾਇਕਾਂ ਵੱਲੋਂ ਕੋਵਿਡ ਪ੍ਰੋਟੋਕਾਲ ਦੀ ਕੋਈ ਪਾਲਣਾ ਨਹੀਂ ਕੀਤੀ ਜਾਂਦੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਜਿੰਦਰ ਸਿੰਘ ਸਰਕਾਰੀਆ ਵੱਲੋਂ ਖੰਨਾ ਹਲਕੇ ਦੇ ਪਿੰਡ ਮੋਹਨਪੁਰ ’ਚ 40.77 ਲੱਖ ਰੁਪਏ ਤੇ ਰਸੂਲੜਾ ਵਿਚ 27.89 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਖੇਡ ਪਾਰਕਾਂ ਦਾ ਉਦਘਾਟਨ ਕੀਤਾ ਗਿਆ ਜਿਨ੍ਹਾਂ ਨੇ ਕਰਫ਼ਿਊ ਦੀਆਂ ਧੱਜੀਆਂ ਵੀ ਉਡਾਈਆਂ, ਜਦੋਂ ਕਿ ਡੀ.ਸੀ ਲੁਧਿਆਣਾ ਵੱਲੋਂ ਦੁਪਹਿਰ 1 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਕਰਫ਼ਿਊ ਐਲਾਨ ਕੀਤਾ ਹੋਇਆ ਹੈ। ਮੰਤਰੀਆਂ ਨਾਲ ਤਿੰਨ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਪਾਇਲ ਤੇ ਗੁਰਪ੍ਰੀਤ ਸਿੰਘ ਬੱਸੀ ਪਠਾਣਾਂ ਸਮੇਤ ਸੈਂਕੜੇ ਗਿਣਤੀ ’ਚ ਕਾਂਗਰਸੀ ਵਰਕਰ ਸ਼ਾਮਲ ਸਨ। ਇਸ ਦੌਰਾਨ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ, ਪਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਮੰਤਰੀਆਂ ਤੇ ਵਿਧਾਇਕਾਂ ਨੂੰ ਨਿਯਮ ਤੋੜਨ ਤੋਂ ਰੋਕ ਸਕਣ। ਇਸ ਮੌਕੇ ਏਡੀਸੀ ਸਕੱਤਰ ਸਿੰਘ ਬੱਲ ਨੇ ਕਿਹਾ ਕਿ ਮੰਤਰੀਆਂ ਦੇ ਸਮਾਗਮ ’ਚ ਜ਼ਿਆਦਾ ਭੀੜ ਭੜੱਕਾ ਨਹੀਂ ਕੀਤਾ ਗਿਆ ਅਤੇ ਮੰਤਰੀ ਖੇਡ ਪਾਰਕਾਂ ਦਾ ਉਦਘਾਟਨ ਕਰਕੇ ਚਲੇ ਗਏ।

Leave a Reply

Your email address will not be published. Required fields are marked *