ਅਕਾਲੀ ਦਲ ਦੇ ਸਾਬਕਾ ਵਿਧਾਇਕ ਖੀਰਨੀਆਂ ਨੇ ਪਾਰਟੀ ਛੱਡੀ

ਸਮਰਾਲਾ: ਸਮਰਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਨਵਾਂ ਹਲਕਾ ਇੰਚਾਰਜ ਐਲਾਨੇ ਜਾਣ ਦੇ ਵਿਰੋਧ ਵਿੱਚ ਅੱਜ ਹਲਕੇ ਦੇ ਟਕਸਾਲੀ ਖੀਰਨੀਆਂ ਅਤੇ ਲੋਪੋਂ ਪਰਿਵਾਰਾਂ ਨੇ ਆਪਣੇ ਸਮਰਥਕਾਂ ਸਮੇਤ ਕਈ ਵੱਡੇ ਐਲਾਨ ਕਰਦਿਆਂ ਪਾਰਟੀ ਨੂੰ ਸਿਆਸੀ ਝਟਕਾ ਦਿੱਤਾ।

ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਜਿੱਥੇ ਆਪਣੇ ਸਮਰਥਕਾਂ, ਸਾਬਕਾ ਕੌਂਸਲਰਾਂ, ਬਲਾਕ ਸਮਿਤੀ ਮੈਂਬਰਾਂ ਅਤੇ ਕਈ ਹੋਰ ਅਹੁਦੇਦਾਰਾਂ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਪਾਰਟੀ ਤੋਂ ਵੱਖ ਹੋ ਕੇ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ, ਉੱਥੇ ਹੀ ਜ਼ਿਲ੍ਹਾ ਯੂਥ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਜ਼ਿਲ੍ਹਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਇਹ ਐਲਾਨ ਕੀਤਾ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ’ਚ ਪਾਰਟੀ ਲਈ ਪ੍ਰਚਾਰ ਤੱਕ ਨਹੀਂ ਕਰਨਗੇ। ਲੋਪੋਂ ਦੇ ਸਮਰਥਕ ਕਈ ਸਰਕਲ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਪਾਰਟੀ ਅੱਗੇ ਆਪਣਾ ਫ਼ੈਸਲਾ ਬਦਲਣ ਦੀ ਮੰਗ ਰੱਖੀ। ਅੱਜ ਪਾਰਟੀ ਤੋਂ ਅਸਤੀਫ਼ਾ ਦੇਣ ਵਾਲਿਆਂ ’ਚ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬੀਬੀ ਬਲਜਿੰਦਰ ਕੌਰ ਖੀਰਨੀਆਂ ਸਮੇਤ ਇਲਾਕੇ ਦੇ ਕਈ ਪੰਚ-ਸਰਪੰਚ ਅਤੇ ਪਾਰਟੀ ਦੇ ਹੋਰ ਅਹੁਦੇਦਾਰ ਸ਼ਾਮਲ ਹਨ।

ਅੱਜ ਆਪਣੇ ਘਰ ਪ੍ਰੈੱਸ ਕਾਨਫਰੰਸ ਕਰਦਿਆਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਦੇ ਟਕਸਾਲੀ ਪਰਿਵਾਰ ਅਤੇ ਸਮਰਥਕਾਂ ਦਾ ਕੋਈ ਮੁੱਲ ਨਹੀਂ ਪਾਇਆ। ਇਸ ਲਈ ਉਹ ਪਾਰਟੀ ਵਰਕਰਾਂ ਦੇ ਫ਼ੈਸਲੇ ਮੁਤਾਬਕ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰਦੇ ਹਨ। ਉਨ੍ਹਾਂ ਨੇ ਅਕਾਲੀ ਦਲ ਨੂੰ ਲਲਕਾਰਦਿਆਂ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੀ ਸਫ਼ਲਤਾ ਯਕੀਨੀ ਬਣਾ ਕੇ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰਨਗੇ।

ਇੱਕ ਵੱਖਰੀ ਪ੍ਰੈੱਸ ਕਾਨਫ਼ਰੰਸ ’ਚ ਇਸ ਹਲਕੇ ਦੇ ਟਕਸਾਲੀ ਪਰਿਵਾਰ ਦੇ ਜ਼ਿਲ੍ਹਾ ਯੂਥ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਆਪਣੇ ਸਮਰਥਕਾਂ ਦੀ ਹਾਜ਼ਰੀ ’ਚ ਪਾਰਟੀ ਦੀ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਕਿ ਚਾਰ-ਚਾਰ ਪਾਰਟੀਆਂ ਬਦਲਣ ਵਾਲੇ ਵਿਅਕਤੀ ਦੀ ਹਲਕਾ ਇੰਚਾਰਜੀ ਅਤੇ ਅਗਵਾਈ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੈ।

Leave a Reply

Your email address will not be published. Required fields are marked *