ਮਕਾਨ ਖਾਲੀ ਕਰਵਾਉਣ ਲਈ ਪਰਿਵਾਰ ’ਤੇ ਗੋਲੀਬਾਰੀ

ਮੋਗਾ: ਇੱਥੇ ਸੰਤ ਨਗਰ ਵਿੱਚ ਮਕਾਨ ਖਾਲੀ ਕਰਵਾਉਣ ਲਈ ਪਰਿਵਾਰ ’ਤੇ ਗੋਲੀਬਾਰੀ ਕੀਤੀ ਗਈ। ਦੁਪਹਿਰੇ ਦੋ ਕਾਰਾਂ ਅਤੇ ਕਰੀਬ 8 ਮੋਟਰਸਾਈਕਲ ਸਕੂਟਰਾਂ ਉੱਤੇ ਸਵਾਰ ਹੋ ਕੇ ਆਏ ਗੁੰਡਿਆਂ ਦੀ ਗੋਲੀਬਾਰੀ ਦੀ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਪੁਲੀਸ ਮੌਕੇ ਉੱਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਲਈ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਵਿਅਕਤੀ ਦੇ ਬਿਆਨ ਦਰਜ ਕਰਕੇ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ। ਇਸ ਘਟਨਾ ਵਿੱਚ ਹਾਕਮ ਧਿਰ ਵਿਧਾਇਕ ਦਾ ਨਾਮ ਆਉਣ ਉੱਤੇ ਅਕਾਲੀ ਆਗੂ ਬਰਜਿੰਦਰ ਸਿੰਘ ਵੀ ਪੀੜਤ ਪਰਿਵਾਰ ਦੇ ਹੱਕ ਵਿੱਚ ਨਿੱਤਰ ਆਏ ਅਤੇ ਸਿਵਲ ਹਸਪਤਾਲ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਦੀ ਹਾਲ ਚਾਲ ਪੁੱਛਿਆ।
ਸਿਵਲ ਹਸਪਤਾਲ ’ਚ ਪੱਟ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਸੁਰਿੰਦਰ ਪਾਲ ਨੇ ਦੱਸਿਆ ਕਿ ਉਹ ਐਨਆਰਆਈ ਦੇ ਮਕਾਨ ਵਿੱਚ ਜਵਾਨ ਧੀਆਂ ਸਮੇਤ ਰਹਿ ਰਿਹਾ ਹੈ। ਉਸ ਦੀ ਪਤਨੀ ਨੇ ਕਰੀਬ 12 ਸਾਲ ਇੱਕ ਐਨਆਰਆਈ ਦੀ ਬਜ਼ੁਰਗ ਮਾਂ ਦੀ ਸੇਵਾ ਸੰਭਾਲ ਕੀਤੀ, ਮਾਂ ਦੀ ਮੌਤ ਹੋ ਗਈ ਤਾਂ ਐਨਆਰਆਈ ਨੇ ਉਨ੍ਹਾਂ ਉੱਤੇ ਮਕਾਨ ਖਾਲੀ ਕਰਨ ਲਈ ਦਬਾਅ ਪਾਇਆ। ਉਨ੍ਹਾਂ ਕਰੋਨਾ ਕਾਰਨ ਕੁਝ ਸਮੇਂ ਦੀ ਮੰਗ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਇੱਕ ਕਾਂਗਰਸੀ ਵਿਧਾਇਕ ਦੀ ਸ਼ਹਿ ਉੱਤੇ ਦੁਪਹਿਰ 2 ਕਾਰਾਂ ’ਤੇ ਕਰੀਬ 8 ਮੋਟਰਸਾਈਕਲਾਂ ਉੱਤੇ ਸਵਾਰ ਹੋ ਕੇ ਦੋ ਦਰਜਨ ਕਰੀਬ ਬੰਦਿਆਂ ਨੇ ਘਰ ਵਿੱਚ ਦਾਖਲ ਹੋ ਕੇ ਸਾਮਾਨ ਦੀ ਭੰਨ ਤੋੜ ਕੀਤੀ ਅਤੇ ਮੁਟਿਆਰ ਧੀ ਨੂੰ ਵੀ ਨਹੀਂ ਬਖ਼ਸ਼ਿਆ,ਉਸ ਨੂੰ ਗੋਲੀ ਨਾਲ ਜਖ਼ਮੀ ਕਰ ਦਿੱਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਇਹ ਪਤਾ ਲੱਗਾ ਹੈ ਕਿ ਦੂਜੀ ਧਿਰ ਨੇ ਗੋਲੀ ਨਾਲ ਜ਼ਖ਼ਮੀ ਹਾਲਤ ’ਚ ਇੱਕ ਹਮਲਾਵਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਡਾਕਟਰਾਂ ਨੇ ਉਸਨੂੰ ਰੈਫ਼ਰ ਕਰ ਦਿੱਤਾ।