‘ਸਿੱਖ ਆਰਕਾਈਵਜ਼’ ਬਾਰੇ ਪ੍ਰਾਜੈਕਟ ਰਿਪੋਰਟ ਦਾ ਖਰੜਾ ਤਿਆਰ

ਪਟਿਆਲਾ: ਇਥੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼-ਇਨ-ਸਿੱਖਇਜ਼ਮ ਵਿੱਚ ਸਿੱਖ ਆਰਕਾਈਵਜ਼ ਪ੍ਰਾਜੈਕਟ ਸਬੰਧੀ ਸਬ-ਕਮੇਟੀ ਦੇ ਮੈਂਬਰਾਂ ਦੀ ਇਕੱਤਰਤਾ ਹੋਈ। ਇਸ ਦੌਰਾਨ ਇਸ ਪ੍ਰਾਜੈਕਟ ਦੀ ਰਿਪੋਰਟ ਨੂੰ ਸਬ-ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਵਾਨ ਕਰਨ ਉਪਰੰਤ ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸੋਂ ਪ੍ਰਵਾਨਗੀ ਲੈਣ ਲਈ ਭੇਜ ਦਿੱਤਾ ਗਿਆ ਹੈ। 

ਇਸ ਮੀਟਿੰਗ ਵਿਚ ਵਰਲਡ ਪੰਜਾਬੀ ਸੈਂਟਰ ਦੇ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਅਤੇ ਟੌਹੜਾ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਵੱਲੋਂ ਤਿਆਰ ਕੀਤਾ ਗਿਆ ‘ਸਿੱਖ ਆਰਕਾਈਵਜ਼’ ਦੀ ਪ੍ਰਾਜੈਕਟ ਰਿਪੋਰਟ ਦਾ ਖਰੜਾ ਵਿਚਾਰਿਆ ਗਿਆ। ‘ਸਿੱਖ ਆਰਕਾਈਵਜ਼’ ਦੇ ਇਸ ਪ੍ਰਾਜੈਕਟ ਲਈ ਇੰਗਲੈਂਡ ਵਾਸੀ ਵਿਦਵਾਨ ਡਾ. ਦਰਸ਼ਨ ਸਿੰਘ ਤਾਤਲਾ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਜੋ ਲੌਕਡਾਊਨ ਕਾਰਨ ਇੰਗਲੈਂਡ ਵਿੱਚ ਰੁਕੇ ਹੋਏ ਹਨ ਅਤੇ ਅੱਜ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ। ਇਹ ਸਿੱਖ ਆਰਕਾਈਵਜ਼ ਅਤੇ ਪ੍ਰਦਰਸ਼ਨੀ ਹਾਲ, ਟੌਹੜਾ ਇੰਸਟੀਚਿਊਟ ਦੀ ਕਲਾਸਿਕ ਦਿੱਖ ਵਾਲੀ ਇਮਾਰਤ ਵਿਚ ਸਥਾਪਤ ਕੀਤਾ ਜਾ ਰਿਹਾ ਹੈ। 

ਪਹਿਲੇ ਪੜਾਅ ਵਿੱਚ ਇਥੇ ਸਿੱਖ ਪਰਵਾਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਕੁਲੈਕਸ਼ਨ ਅਤੇ ਪੁਰਾਲੇਖਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਥੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੇ ਨਾਲ-ਨਾਲ ਗਦਰ ਲਹਿਰ ਨਾਲ ਸਬੰਧਤ ਸਿੱਖਾਂ ਬਾਰੇ ਸਮੱਗਰੀ ਸ਼ਾਮਲ ਕੀਤੀ ਜਾਵੇਗੀ। ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ਦੀ ਵੀ ਵਿਉਂਤ ਉਲੀਕੀ ਜਾ ਰਹੀ ਹੈ।ਇਸ ਰਿਪੋਰਟ ਨੂੰ ਸਬ-ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਵਾਨ ਕਰਨ ਉਪਰੰਤ ਧਰਮ ਪ੍ਰਚਾਰ ਕਮੇਟੀ ਪਾਸੋਂ ਪ੍ਰਵਾਨਗੀ ਲੈਣ ਲਈ ਭੇਜ ਦਿੱਤਾ ਗਿਆ ਹੈ। ਮੀਟਿੰਗ ਵਿੱਚ ਡਾ. ਬਲਕਾਰ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਕਰਨਲ ਪਰਮਿੰਦਰ ਸਿੰਘ ਰੰਧਾਵਾ, ਸਿਮਰਜੀਤ ਸਿੰਘ ਅਤੇ ਡਾ. ਚਮਕੌਰ ਸਿੰਘ ਸ਼ਾਮਲ ਸਨ।

ਬੈਲਜ਼ੀਅਮ ਤੋਂ ਆਈ ਚਿੱਠੀ ਦੀਆਂ ਕਾਪੀਆਂ ਸਬ-ਕਮੇਟੀ ਮੈਂਬਰਾਂ ਨੂੰ ਦਿੱਤੀਆਂ 

ਮੀਟਿੰਗ ਵਿਚ ਕਰਨਲ ਪਰਮਿੰਦਰ ਸਿੰਘ ਰੰਧਾਵਾ ਵੱਲੋਂ ਵਿਸ਼ਵ ਯੁੱਧ ਦੇ ਸ਼ਹੀਦ ਸਿੱਖ ਸੈਨਿਕਾਂ ਸਬੰਧੀ ਬੈਲਜ਼ੀਅਮ ਸਰਕਾਰ ਵੱਲੋਂ ਆਈ ਚਿੱਠੀ ਦੀਆਂ ਕਾਪੀਆਂ ਸਬ-ਕਮੇਟੀ ਮੈਂਬਰਾਂ ਨੂੰ ਦਿੱਤੀਆਂ ਗਈਆਂ। ਸਬ-ਕਮੇਟੀ ਮੈਂਬਰਾਂ ਦੀ ਰਾਇ ਬਣੀ ਕਿ ਪ੍ਰਾਜੈਕਟ ਸਬੰਧੀ ਹੋਰ ਜਾਣਕਾਰੀ ਲੈਣ ਲਈ  ਪੰਜਾਬ ਸਟੇਟ ਆਰਕਾਈਵਜ਼, ਚੰਡੀਗੜ੍ਹ ਅਤੇ ਤਿਬਤੀਅਨ ਮਿਊਜ਼ੀਅਮ, ਮੈਕਲੋਡਗੰਜ (ਹਿਮਾਚਲ ਪ੍ਰਦੇਸ਼) ਦਾ ਦੌਰਾ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਖੇਤਰ ਨਾਲ ਸਬੰਧਤ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।  

Leave a Reply

Your email address will not be published. Required fields are marked *