ਕਿਸਾਨ ਤੇ ਬਾਦਸ਼ਾਹ ਦਾ ਸੰਵਾਦ

ਮਨਮੋਹਨ ਸਿੰਘ ਦਾਊਂ

ਗੱਲ ਪੁਰਾਣੇ ਸਮਿਆਂ ਦੀ ਹੈ ਜਦੋਂ ਰਾਜਿਆਂ, ਮਹਾਰਾਜਿਆਂ ਤੇ ਬਾਦਸ਼ਾਹਾਂ ਦਾ ਬੋਲ-ਬਾਲਾ ਸੀ। ਪਰਜਾ ਉਨ੍ਹਾਂ ਦੇ ਅਧੀਨ ਹੁੰਦੀ ਸੀ। ਸ਼ਾਸਕ ਮਨਮਰਜ਼ੀ ਕਰਦੇ ਸਨ। ਵਜ਼ੀਰ, ਦਰਬਾਰੀ, ਅਹਿਲਕਾਰ ਤੇ ਨੌਕਰ ਬਾਦਸ਼ਾਹ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਮਜਬੂਰ ਹੁੰਦੇ ਸਨ। ਬਾਦਸ਼ਾਹ ਨੂੰ ਤਦੇ ਨਿਰੰਕੁਸ਼ ਕਿਹਾ ਜਾਂਦਾ ਸੀ। ਦੁਨੀਆਂ ਦੇ ਇਤਿਹਾਸ ਵਿਚ ਚੰਗੇ ਤੇ ਮਾੜੇ ਬਾਦਸ਼ਾਹਾਂ ਦੀਆਂ ਅਣਗਿਣਤ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਪਰਉਪਕਾਰੀ ਤੇ ਦਿਆਨਦਾਰ ਬਾਦਸ਼ਾਹਾਂ ਨੇ ਲੋਕਾਂ ਦੇ ਦਿਲ ਜਿੱਤੇ ਜਦੋਂਕਿ ਜ਼ਾਲਮ ਤੇ ਕਪਟੀ ਬਾਦਸ਼ਾਹਾਂ ਨੇ ਲੋਕਾਈ ਨੂੰ ਤੰਗ ਕੀਤਾ ਤੇ ਬੇਕਸੂਰਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ। ਲੋਕ-ਆਵਾਜ਼ ਦੱਬੀ ਜਾਂਦੀ ਸੀ। ਪਰਜਾ ਨੂੰ ਹਰ ਤਰ੍ਹਾਂ ਨਾਲ ਆਪਣੇ ਅਧੀਨ ਕਰ ਕੇ ਗ਼ੁਲਾਮ ਕੀਤਾ ਜਾਂਦਾ ਸੀ। ਬਾਦਸ਼ਾਹ ਹੀ ਰੱਬ ਹੁੰਦਾ ਸੀ।

ਉਨ੍ਹਾਂ ਸਮਿਆਂ ’ਚੋਂ ਦੋ ਘਟਨਾਵਾਂ ਅੱਜ ਦੇ ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਯਾਦ ਆ ਰਹੀਆਂ ਹਨ। ਇੱਕ ਬਾਦਸ਼ਾਹ ਆਪਣੀ ਸੈਨਾ ਦੀ ਟੁਕੜੀ ਨਾਲ, ਇੱਕ ਕਿਸਾਨ ਦੇ ਖੇਤ ਕੋਲੋਂ ਲੰਘ ਰਿਹਾ ਸੀ। ਕਿਸਾਨ ਦੇ ਖੇਤ ਵਿਚ ਕਮਾਦ ਦੀ ਫ਼ਸਲ ਠਾਠਾਂ ਮਾਰ ਰਹੀ ਸੀ। ਗੰਨਿਆਂ ਨੂੰ ਵੇਖ ਕੇ ਬਾਦਸ਼ਾਹ ਦਾ ਦਿਲ ਗੰਨੇ ਦਾ ਰਸ ਪੀਣ ਨੂੰ ਕੀਤਾ। ਉਂਝ ਵੀ ਬਾਦਸ਼ਾਹ ਨੂੰ ਮਿੱਠਾ ਖਾਣ ਦੀ ਆਦਤ ਸੀ। ਬਾਦਸ਼ਾਹ ਦਾ ਹੁਕਮ ਹੋਇਆ ਕਿ ਰਸ ਪਿਲਾਇਆ ਜਾਵੇ। ਮਿਹਨਤੀ ਕਿਸਾਨ ਨੂੰ ਖ਼ੁਸ਼ੀ ਹੋਈ ਕਿ ਬਾਦਸ਼ਾਹ ਨੇ ਉਸ ਦੇ ਕਮਾਦ ਕਰਕੇ ਰਸ ਪੀਣ ਦੀ ਇੱਛਾ ਪ੍ਰਗਟ ਕੀਤੀ। ਭਲੇ ਕਿਸਾਨ ਨੇ ਚੰਗਾ ਜਿਹਾ ਗੰਨਾ ਪੁੱਟ ਕੇ ਰਸ ਕੱਢਿਆ ਤੇ ਗਲਾਸ ਵਿਚ ਪਾ ਕੇ ਬਾਦਸ਼ਾਹ ਨੂੰ ਪੀਣ ਲਈ ਭੇਟ ਕਰ ਦਿੱਤਾ। ਗੰਨੇ ਦਾ ਮਿੱਠਾ ਰਸ ਬਾਦਸ਼ਾਹ ਨੂੰ ਅੰਮ੍ਰਿਤ ਲੱਗਿਆ ਤੇ ਖ਼ੁਸ਼ ਹੋ ਕੇ ਤੁਰਦਾ ਹੋਇਆ। ਕਿਸਾਨ ਨੇ ਆਪਣੇ ਘਰ ਜਾ ਕੇ ਬਾਦਸ਼ਾਹ ਨੂੰ ਰਸ ਪਿਲਾਉਣ ਦੀ ਵਾਰਤਾ ਦੱਸੀ। ਉਨ੍ਹਾਂ ਨੂੰ ਆਸ ਸੀ ਕਿ ਬਾਦਸ਼ਾਹ ਉਨ੍ਹਾਂ ਦੀ ਕੋਈ ਮਦਦ ਜ਼ਰੂਰ ਕਰੇਗਾ।

ਕਈ ਦਿਨ ਲੰਘ ਗਏ। ਬਾਦਸ਼ਾਹ ਆਪਣੇ ਨੌਕਰਾਂ ਤੇ ਮਾਲ ਮੰਤਰੀ ਨੂੰ ਲੈ ਕੇ ਮੁੜ ਉਸ ਕਿਸਾਨ ਕੋਲ ਰਸ ਪੀਣ ਲਈ ਆ ਬਹੁੜਿਆ। ਕਿਸਾਨ ਨੇ ਬਾਦਸ਼ਾਹ ਦਾ ਸੁਆਗਤ ਕੀਤਾ। ‘‘ਮਾਈਬਾਪ, ਹੁਕਮ ਕਰੋ, ਬੰਦਾ ਹਾਜ਼ਰ ਹੈ,’’ ਕਿਸਾਨ ਹੱਥ ਜੋੜੀ ਅਰਜ਼ ਕਰਨ ਲੱਗਾ। ‘‘ਮੈਂ ਤਾਂ ਰਸ ਪੀਣ ਆਇਆਂ, ਤੇਰੇ ਗੰਨੇ ਦਾ ਰਸ ਬਹੁਤ ਮਿੱਠਾ ਸੀ। ਇੱਕ ਗਲਾਸ ਰਸ ਬਾਜ਼ਾਰ ’ਚ ਕਿੰਨੇ ਦਾ ਵਿਕ ਸਕਦਾ?’’ ਬਾਦਸ਼ਾਹ ਨੇ ਪੁੱਛਿਆ। ਝਕਦੇ-ਝਕਦੇ ਕਿਸਾਨ ਕੇ ਕਿਹਾ, ‘‘ਮੈਂ ਤਾਂ ਕਦੇ ਇਹ ਹਿਸਾਬ ਹੀ ਨਹੀਂ ਲਾਇਆ, ਗੁੜ ਤਿਆਰ ਕਰ ਕੇ ਮੰਡੀ ਵਿਚ ਜੋ ਮੁੱਲ ਮਿਲਦਾ, ਵੱਟ ਲਈਦਾ।’’

ਬਾਦਸ਼ਾਹ ਦੀ ਨੀਅਤ ਬਦਲ ਗਈ। ਕਿਸਾਨ ਨੇ ਭਰਿਆ ਰਸ ਦਾ ਗਲਾਸ ਬਾਦਸ਼ਾਹ ਨੂੰ ਪੀਣ ਲਈ ਪੇਸ਼ ਕੀਤਾ। ਬਾਦਸ਼ਾਹ ਨੇ ਘੁੱਟ ਭਰਿਆ ਹੀ ਸੀ ਕਿ ਕ੍ਰੋਧ ’ਚ ਆ ਗਿਆ। ‘‘ਇਹ ਤਾਂ ਕੌੜਾ ਹੈ, ਮੈ ਤਾਂ ਮਿੱਠਾ ਰਸ ਮੰਗਿਆ ਸੀ।’’ ‘‘ਨਹੀਂ, ਨਹੀਂ, ਮਹਾਰਾਜ, ਇਹ ਤਾਂ ਉਸੇ ਖੇਤ ਦੇ ਗੰਨੇ ਦਾ ਰਸ ਹੈ। ਮੈਂ ਤਾਂ ਕੁਝ ਨਹੀਂ ਕੀਤਾ।’’ ਕਿਸਾਨ ਨੇ ਆਪਣੀ ਦਲੀਲ ਦਿੱਤੀ।

ਅਸਲ ਵਿਚ ਬਾਦਸ਼ਾਹ ਦੀ ਨੀਅਤ ਬਦਨੀਤ ਹੋ ਗਈ ਸੀ। ਉਹ ਗੰਨੇ ਦੇ ਰਸ ਦੇ ਗਲਾਸ ਦੀ ਕੀਮਤ ਮਿੱਥ ਕੇ, ਆਪਣੇ ਵਜ਼ੀਰ ਤੋਂ ਲੇਖਾ-ਜੋਖਾ ਕਰਵਾ ਰਿਹਾ ਸੀ ਕਿ ‘ਇਹ ਕਿਸਾਨ ਤਾਂ ਬਹੁਤ ਖੱਟੀ-ਖੱਟ ਲਵੇਗਾ, ਕਿਉਂ ਨਾ ਇਸ ਦੇ ਖੇਤ ’ਤੇ ਕਬਜ਼ਾ ਕਰ ਲਿਆ ਜਾਵੇ। ਆਖਰ ਮੈਂ ਬਾਦਸ਼ਾਹ ਹਾਂ। ਮੈਂ ਕੀ ਕੁਝ ਨਹੀਂ ਕਰ ਸਕਦਾ। ਕਿਸਾਨ ਇਸ ਕਮਾਦ ਦੀ ਫ਼ਸਲ ਵੱਟ ਕੇ ਅਮੀਰ ਹੋ ਜਾਵੇਗਾ ਤੇ ਮੇਰੀ ਅਧੀਨਗੀ ਕਬੂਲ ਨਹੀਂ ਕਰੇਗਾ।’ ਬਾਦਸ਼ਾਹ ਦੀ ਹਮਦਰਦੀ ਬਦਨੀਤੀ ਵਿਚ ਬਦਲ ਗਈ। ਕੁਦਰਤ ਦੀ ਕਰਨੀ ਅੰਮ੍ਰਿਤ ਰਸ ਕੌੜੀ ਜ਼ਹਿਰ ਬਣ ਗਿਆ। ਵਜ਼ੀਰ ਬੀਰਬਲ ਵਾਂਗ ਸਿਆਣਾ ਸੀ, ਉਸ ਦੇ ਤਰਕ ਨੇ ਬਾਦਸ਼ਾਹ ਨੂੰ ਸ਼ਰਮਿੰਦਾ ਕਰ ਦਿੱਤਾ।

ਦੂਜੀ ਘਟਨਾ ਵੀ ਪੁਰਾਣੇ ਸਮਿਆਂ ਦੀ ਹੈ। ਇੱਕ ਬਾਦਸ਼ਾਹ ਆਪਣੇ ਸਾਥੀਆਂ ਨਾਲ ਮਹਿਲਾਂ ਤੋਂ ਬਾਹਰ ਦੂਰ ਆਬਾਦੀ ਵਾਲੇ ਇਲਾਕੇ ’ਚ ਚਲਿਆ ਗਿਆ। ਸਰਦੀ ਦੀ ਰੁੱਤ ਸੀ। ਤੇਜ਼ ਹਵਾ ਕਰਕੇ ਠੰਢ ਵਧਦੀ ਜਾ ਰਹੀ ਸੀ। ਰਾਤ ਹੋ ਗਈ। ਬਾਦਸ਼ਾਹ ਨੇ ਪਿਛਾਂਹ ਮੁੜਨਾ ਨਾ ਚਾਹਿਆ। ਇਹ ਪਿੰਡ ਸੀ ਜਿੱਥੇ ਇੱਕ ਘਰ ਦੇ ਅੱਗੇ ਜਾ ਬਾਦਸ਼ਾਹ ਨੇ ਬੂਹਾ ਖੜਕਾਇਆ। ਇਹ ਕਿਸਾਨ ਦਾ ਘਰ ਸੀ। ਕਿਸਾਨ ਦੀ ਪਤਨੀ ਨੇ ਬੂਹਾ ਖੋਲ੍ਹਿਆ, ਦੀਵੇ ਦੀ ਰੌਸ਼ਨੀ ’ਚ ਉਸ ਨੇ ਬਾਦਸ਼ਾਹ ਨੂੰ ਪਛਾਣ ਲਿਆ। ‘‘ਧੰਨ ਭਾਗ ਸਾਡੇ ਮਹਾਰਾਜ, ਤੁਸੀਂ ਦਰਸ਼ਨ ਦਿੱਤੇ,’’ ਸੁਆਣੀ ਦੇ ਮੁੂੰਹੋਂ ਨਿਕਲਿਆ। ਕਿਸਾਨ ਵੀ ਆਪਣੇ ਸਿਰ ਪਰਨਾ ਲਪੇਟਦਾ ਹੋਇਆ ਬਾਦਸ਼ਾਹ ਅੱਗੇ ਹੱਥ ਜੋੜ ਆ ਖੜੋਤਾ। ‘‘ਸਰਦੀ ਬਹੁਤ ਹੈ, ਅਸੀਂ ਤਾਂ ਤੇਰੇ ਘਰ ਰਾਤ ਕੱਟਣੀ ਹੈ,’’ ਬਾਦਸ਼ਾਹ ਦਾ ਜਵਾਬ ਸੀ। ‘‘ਮਾਲਕੋ, ਇਹ ਸਾਰਾ ਕੁਝ ਤੁਹਾਡਾ ਹੀ ਹੈ, ਜਿਵੇਂ ਤੁਹਾਡੀ ਮਰਜ਼ੀ। ਮਹਿਮਾਨ-ਨਿਵਾਜ਼ੀ ਕਰਨਾ ਤਾਂ ਸਾਡਾ ਧਰਮ ਹੈ, ਤੁਸੀਂ ਤਾਂ ਬਾਦਸ਼ਾਹ ਹੋ, ਆਓ ਅਰਾਮ ਕਰੋ।’’ ਕਿਸਾਨ ਨੇ ਖ਼ੁਸ਼ ਹੁੰਦਿਆਂ ਕਿਹਾ।

ਇੱਕ ਵਜ਼ੀਰ ਨੇ ਕਿੰਤੂ ਕੀਤਾ ਕਿ ਬਾਦਸ਼ਾਹ ਦੀ ਉੱਚੀ ਪਦਵੀ ਹੈ ਤੇ ਇੱਕ ਗ਼ਰੀਬ ਦੇ ਘਰ ਠਹਿਰਨਾ ਸ਼ੋਭਦਾ ਨਹੀਂ। ਅਸੀਂ ਬਾਹਰ ਮੈਦਾਨ ਵਿਚ ਰਾਤ ਕੱਟਣ ਲਈ ਤੰਬੂ ਲਾ ਲੈਂਦੇ ਹਾਂ। ਲੋਕ ਕੀ ਕਹਿਣਗੇ ਕਿ ਬਾਦਸ਼ਾਹ ਦੇ ਠਹਿਰਨ ਲਈ ਪ੍ਰਬੰਧ ਹੀ ਨਹੀਂ ਹੋ ਸਕਿਆ। ਕਿਸਾਨ ਨੇ ਵਜ਼ੀਰ ਦੀ ਨੀਤੀ ਭਾਂਪ ਲਈ। ਉਸ ਨੇ ਝੱਟ ਬਾਦਸ਼ਾਹ ਦੇ ਸਤਿਕਾਰ ਵਿਚ ਜੋ ਭੋਜਨ ਤਿਆਰ ਪਿਆ ਸੀ, ਬੜੇ ਅਦਬ ਨਾਲ ਬਾਦਸ਼ਾਹ ਅੱਗੇ ਪਰੋਸ ਦਿੱਤਾ ਤੇ ਆਰਾਮ ਲਈ ਮੰਜੇ-ਬਿਸਤਰੇ ਦਾ ਵੀ ਨਵੇਂ ਵਸਤਰਾਂ ਨਾਲ ਪ੍ਰਬੰਧ ਕਰ ਦਿੱਤਾ। ਬਾਦਸ਼ਾਹ ਕਿਸਾਨ ਦੀ ਮਹਿਮਾਨ-ਨਿਵਾਜ਼ੀ ਅਤੇ ਉਦਾਰਤਾ ਤੋਂ ਬੜਾ ਪ੍ਰਭਾਵਿਤ ਹੋਇਆ। ‘‘ਬਾਦਸ਼ਾਹ ਸਲਾਮਤ, ਇੱਕ ਪੇਂਡੂ ਕਿਸਾਨ ਦੇ ਘਰ ਠਹਿਰਨ ਨਾਲ ਬਾਦਸ਼ਾਹ ਦੀ ਪਦਵੀ ਨੀਵੀਂ ਨਹੀਂ ਹੁੰਦੀ। ਪਰ ਤੁਹਾਡੇ ਸਾਥੀਆਂ ਦੀ ਨੀਵੀਂ ਸੋਚ ਕਾਰਨ ਉਨ੍ਹਾਂ ਨੂੰ ਇਹ ਗੱਲ ਭਾਉਂਦੀ ਨਹੀਂ,’’ ਕਿਸਾਨ ਨੇ ਦਲੇਰੀ ਕਰਦਿਆਂ ਸੱਚ ਕਹਿ ਸੁਣਾਇਆ।

ਬਾਦਸ਼ਾਹ ਨੇ ਕਿਸਾਨ ਦੇ ਘਰ ਹੀ ਰਾਤ ਕੱਟਣ ਦਾ ਫ਼ੈਸਲਾ ਸੁਣਾ ਦਿੱਤਾ। ਵਜ਼ੀਰ ਆਪਣੀ ਗ਼ਲਤ ਚਾਲ ਨਾ ਚੱਲ ਸਕਿਆ। ਰਾਤ ਲੰਘੀ। ਸਵੇਰ ਹੋਈ। ਬਾਦਸ਼ਾਹ ਨੇਕ ਕਿਸਾਨ ਦੀ ਮਿਹਨਤ ਦਾ ਮੁੱਲ ਉਤਾਰਨਾ ਚਾਹੁੰਦਾ ਸੀ। ਬਾਦਸ਼ਾਹ ਨੇ ਜਾਣ ਸਮੇਂ ਕਿਸਾਨ ਨੂੰ ਕੀਮਤੀ ਸੌਗਾਤਾਂ ਤੇ ਇਨਾਮ ਦੇ ਕੇ ਉਸ ਦਾ ਧੰਨਵਾਦ ਕੀਤਾ। ਕਿਸਾਨ ਮਿੱਟੀ ਨੂੰ ਸੋਨਾ ਬਣਾਉਂਦਾ ਹੈ, ਇਸੇ ਕਰਕੇ ਉਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ।

ਸਿਆਣਿਆਂ ਸੱਚ ਕਿਹਾ ਹੈ:

ਕਿਸਾਨ ਦੀ ਪਗੜੀ ਦੇ ਕੋਨੇ ਦੀ ਸ਼ਾਨ ਸੂਰਜ ਤੀਕ ਅੱਪੜ ਜਾਂਦੀ ਹੈ। ਬਲਿਹਾਰੇ ਜਾਈਏ ਉਸ ਦੀ ਕਿਰਤ ਤੋਂ!!

Leave a Reply

Your email address will not be published. Required fields are marked *