ਸਿੱਖ ਮਿਸਲਾਂ ਵੇਲੇ ਦੀ ਹੋ ਸਕਦੀ ਹੈ ਅਕਾਲ ਤਖ਼ਤ ਨੇੜਿਓਂ ਮਿਲੀ ਇਮਾਰਤ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਨੇੜੇ ਬਣਨ ਵਾਲੇ ਜੋੜਾ ਘਰ ਅਤੇ ਦੋਪਹੀਆ ਵਾਹਨਾਂ ਵਾਸਤੇ ਸਟੈਂਡ ਦੀ ਇਮਾਰਤ ਲਈ ਖੁਦਾਈ ਦੌਰਾਨ ਪੁਰਾਤਨ ਇਮਾਰਤੀ ਢਾਂਚਾ ਮਿਲਣ ’ਤੇ ਸ਼੍ਰੋਮਣੀ ਕਮੇਟੀ ਨੇ ਸਬੰਧਤ ਸਥਾਨ ’ਤੇ ਖੁਦਾਈ ਦਾ ਕੰਮ ਰੋਕ ਦਿੱਤਾ ਹੈ ਪਰ ਬਾਕੀ ਕੰਮ ਜਾਰੀ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ ਜੇਕਰ ਇਹ ਇਮਾਰਤੀ ਢਾਂਚਾ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ ਹੋਇਆ ਤਾਂ ਇਸ ਨੂੰ ਜ਼ਰੂਰ ਸੁਰੱਖਿਅਤ ਰੱਖਿਆ ਜਾਵੇਗਾ।

ਸੁਰੰਗਨੁਮਾ ਪੁਰਾਤਨ ਇਮਾਰਤੀ ਢਾਂਚਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਹੈ। ਇਹ ਢਾਂਚਾ ਬਿਹਤਰ ਹਾਲਤ ਵਿੱਚ ਹੈ ਅਤੇ ਇਸ ਵਿੱਚ ਸੁੰਦਰ ਤੇ ਗੋਲਾਕਾਰ ‘ਆਰਚ’ ਬਣੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਦੇ ਅੰਦਰ ਪਾਣੀ ਵੀ ਦਿਖਾਈ ਦਿੱਤਾ ਹੈ। ਇਸ ਤੋਂ ਇਲਾਵਾ ਨਾਨਕਸ਼ਾਹੀ ਇੱਟ ਦਾ ਹੋਰ ਮਲਬਾ ਵੀ ਨਿਕਲਿਆ ਹੈ ਪਰ ਹੁਣ ਇਸ ਨੂੰ ਢੱਕ ਦਿੱਤਾ ਗਿਆ ਹੈ।

ਇਸ ਇਲਾਕੇ ਨੂੰ ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਤੋਂ ਬਾਅਦ ਢਹਿ-ਢੇਰੀ ਕਰ ਦਿੱਤਾ ਗਿਆ ਸੀ ਅਤੇ ਕੇਂਦਰ ਸਰਕਾਰ ਵੱਲੋਂ ਭਵਿੱਖ ਵਿੱਚ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਆਲੇ-ਦੁਆਲੇ ਗਲਿਆਰਾ ਬਣਾ ਦਿੱਤਾ ਗਿਆ ਸੀ। ਇਸ ਯੋਜਨਾ ਤਹਿਤ ਇੱਥੋਂ ਦੇ ਕਈ ਪੁਰਾਤਨ ਬਾਜ਼ਾਰ ਅਤੇ ਇਮਾਰਤਾਂ ਖ਼ਤਮ ਹੋ ਗਈਆਂ ਸਨ, ਜਿਨ੍ਹਾਂ ਵਿੱਚ ਮੁਨਿਆਰਾ ਵਾਲਾ ਬਾਜ਼ਾਰ, ਝੂਠਾ ਬਾਜ਼ਾਰ, ਥੜ੍ਹਾ ਸਾਹਿਬ ਬਾਜ਼ਾਰ, ਆਟਾ ਮੰਡੀ ਬਾਜ਼ਾਰ ਤੇ ਹੋਰ ਕਈ ਇਮਾਰਤਾਂ ਸ਼ਾਮਲ ਸਨ।

ਇਸ ਤੋਂ ਪਹਿਲਾਂ ਇਥੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਬੁੰਗੇ ਹੁੰਦੇ ਸਨ, ਜੋ ਸਿੱਖ ਭਾਈਚਾਰੇ ਦੇ ਕਈ ਫਿਰਕਿਆਂ ਵੱਲੋਂ ਇਥੇ ਆਉਣ ਸਮੇਂ ਆਪਣੇ ਠਹਿਰਾਅ ਵਾਸਤੇ ਬਣਾਏ ਹੋਏ ਸਨ। ਇਨ੍ਹਾਂ ਵਿੱਚੋਂ ਰਾਮਗੜ੍ਹੀਆ ਬੁੰਗਿਆਂ ਦੀ ਇਮਾਰਤ ਅੱਜ ਵੀ ਪੁਰਾਤਨ ਤੇ ਇਤਿਹਾਸਕ ਨਿਸ਼ਾਨੀ ਵਜੋਂ ਮੌਜੂਦ ਹੈ।

ਸਿੱਖ ਸੰਸਥਾ ਵਿੱਚ 1956 ਤੋਂ ਦਸੰਬਰ, 1999 ਤੱਕ ਸੇਵਾਵਾਂ ਨਿਭਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ 1943 ਵਿੱਚ ਪਰਿਕਰਮਾ ਨੂੰ ਚੌੜਾ ਕਰਨ ਵਾਸਤੇ ਕਈ ਇਮਾਰਤਾਂ ਖ਼ਰੀਦੀਆਂ ਸਨ ਅਤੇ ਇਨ੍ਹਾਂ ਵਿੱਚ ਕਈ ਬੁੰਗਿਆਂ ਦੀਆਂ ਇਮਾਰਤਾਂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਇਮਾਰਤੀ ਢਾਂਚਾ ਵੀ ਉਸ ਵੇਲੇ ਦੀਆਂ ਇਮਾਰਤਾਂ ਵਿੱਚੋਂ ਹੋ ਸਕਦਾ ਹੈ।

ਕੁਲਵੰਤ ਸਿੰਘ ਨੇ ਕਿਹਾ ਕਿ ਆਪਣੀ ਨੌਕਰੀ ਦੌਰਾਨ ਉਨ੍ਹਾਂ ਅਜਿਹੀ ਕੋਈ ਇਮਾਰਤ ਇਥੇ ਅਕਾਲ ਤਖਤ ਦੇ ਨੇੜੇ ਨਹੀਂ ਦੇਖੀ, ਜਿਸ ਤੋਂ ਲੱਗਦਾ ਹੈ ਕਿ ਇਹ ਇਮਾਰਤ 1956 ਤੋਂ ਪਹਿਲਾਂ ਹੀ ਹੇਠਾਂ ਦੱਬੀ ਜਾ ਚੁੱਕੀ ਹੋਵੇਗੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਸਾਬਕਾ ਮੁਖੀ ਅਤੇ ਇੰਡੀਅਨ ਹੈਰੀਟੇਜ ਸਿਟੀ ਸੰਸਥਾ ਦੇ ਸਲਾਹਕਾਰ ਡਾ. ਬਲਵਿੰਦਰ ਸਿੰਘ ਨੇ ਆਖਿਆ ਕਿ ਇਹ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੋਵੇਗੀ ਕਿਉਂਕਿ ਇਥੋਂ ਕੁਝ ਦੂਰੀ ’ਤੇ ਗਿਆਨੀ ਸੰਤ ਸਿੰਘ ਦਾ ਬੁੰਗਾ ਹੁੰਦਾ ਸੀ, ਜਿਸ ਨੂੰ ਬੁੰਗਾ ਗਿਆਨੀਆਂ ਵਜੋਂ ਜਾਣਿਆ ਜਾਂਦਾ ਸੀ ਅਤੇ ਉਸ ਨੂੰ ਢਾਹ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਕੋਈ ਸੁਰੰਗ ਹੈ ਤਾਂ ਇਸ ਦਾ ਆਧੁਨਿਕ ਤਕਨਾਲੋਜੀ ਨਾਲ ਪਤਾ ਲਾਇਆ ਜਾ ਸਕਦਾ ਹੈ।

ਇਮਾਰਤ ਦਾ ਪਤਾ ਲਾਉਣ ਲਈ ਮਾਹਿਰਾਂ ਦੀਆਂ ਸੇਵਾਵਾਂ ਲਵਾਂਗੇ: ਬੀਬੀ ਜਗੀਰ ਕੌਰ

ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਮਾਰਤ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਹੋਰ ਮਾਹਿਰਾਂ ਅਤੇ ਇਤਿਹਾਸਕਾਰਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪੁਰਾਤੱਤਵ ਵਿਭਾਗ ਰਾਹੀਂ ਪਤਾ ਲਗਾਉਣ ਲਈ ਵੀ ਕਿਹਾ ਗਿਆ ਹੈ। ਜੇਕਰ ਇਹ ਇਮਾਰਤੀ ਢਾਂਚਾ ਵਿਰਾਸਤੀ ਅਤੇ ਇਤਿਹਾਸਕ ਹੋਇਆ ਤਾਂ ਇਸ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। 

Leave a Reply

Your email address will not be published. Required fields are marked *