ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ

ਚੰਡੀਗੜ੍ਹ: ਚੰਡੀਗੜ੍ਹ ਅਤੇ ਨੇੜਲਿਆਂ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰ ਕੇ ਚੰਡੀਗੜ੍ਹ ਸਥਿਤ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਅੱਜ ਖ਼ਤਰੇ ਦੇ ਨਿਸ਼ਾਨ ਨੂੰ ਟੱਪ ਗਿਆ। ਲਿਹਾਜ਼ਾ ਯੂਟੀ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਵਿਚਕਾਰਲਾ ਫਲੱਡ ਗੇਟ ਖੋਲ੍ਹ ਦਿੱਤਾ ਹੈ। ਸੁਖਨਾ ਵਿੱਚ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਪਾਣੀ ਉਸ ਦੇ ਨਜ਼ਦੀਕ ਪਹੁੰਚਣ ਕਰਕੇ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸਵੇਰੇ 11.20 ਵਜੇ ਫਲੱਡ ਗੇਟ ਖੋਲ੍ਹ ਦਿੱਤਾ ਹੈ। ਐਤਵਾਰ ਪਾਣੀ ਖਤਰੇ ਦੇ ਨਿਸ਼ਾਨ ਤੋਂ 9 ਇੰਚ ਹੇਠਾਂ ਸੀ, ਜੋ ਕਿ ਅੱਜ ਸਵੇਰੇ ਘੱਟ ਕੇ 6 ਇੰਚ ਰਹਿ ਗਿਆ। ਸੁਖਨਾ ਦਾ ਫਲੱਡ ਗੇਟ ਖੋਲ੍ਹੇ ਜਾਣ ਮਗਰੋਂ ਨੇੜਲੇ ਇਲਾਕਿਆਂ ਵਿੱਚ ਪਾਣੀ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਗੇਟ ਖੋਲ੍ਹਣ ਮੌਕੇ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦੇ ਐਕਸੀਅਨ ਅਤੇ ਐੱਸਡੀਓ ਮੌਕੇ ’ਤੇ ਹਾਜ਼ਰ ਸਨ।