ਵਿੱਕੀ ਮਿੱਡੂਖੇੜਾ ਦੇ ਹੱਤਿਆਰਿਆਂ ਨੂੰ ਭੱਜਣ ਨਹੀਂ ਦਿਆਂਗੇ: ਸੁਖਬੀਰ ਬਾਦਲ

ਲੰਬੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸੀਨੀਅਰ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਭੱਜਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਯੂਥ ਆਗੂ ਦੀ ਹੱਤਿਆ ਗੈਂਗਸਟਰਾਂ ਦੀ ਬੁਰਛਾਗਰਦੀ ਦਾ ਨਤੀਜਾ ਹੈ। ਸ੍ਰੀ ਬਾਦਲ ਅੱਜ ਇਥੇ ਪਿੰਡ ਮਿੱਡੂਖੇੜਾ ਵਿੱਚ ਸੀਨੀਅਰ ਯੂਥ ਅਕਾਲੀ ਆਗੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਨ। ਉਨ੍ਹਾਂ ਵਿੱਕੀ ਮਿੱਡੂਖੇੜਾ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਕਿਸੇ ਵੀ ਕੀਮਤ ’ਤੇ ਭੱਜਣ ਨਹੀਂ ਦਿਆਂਗੇ।

ਸ੍ਰੀ ਬਾਦਲ ਨੇ ਕਿਹਾ ਕਿ ਵਿੱਕੀ ਦੇ ਕਤਲ ਵਿੱਚ ਭਗਵਾਨਪੁਰੀਆ ਦਾ ਹੱਥ ਲਗਦਾ ਹੈ। ਉਹ ਜੇਲ੍ਹ ਵਿਚ ਪੰਜਾਬ ਸਰਕਾਰ ਦੇ ਮਹਿਮਾਨ ਵਾਂਗ ਵਿਚਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਭਗਵਾਨਪੁਰੀਆ ਕਥਿਤ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਚਹੇਤਾ ਹੈ। ਉਸ ਨੂੰ ਜੇਲ੍ਹ ਵਿੱਚ ਸਾਰੀਆਂ ਵੀਆਈਪੀ ਸਹੂਲਤਾਂ ਮਿਲਦੀਆਂ ਹਨ। ਸੁਖਬੀਰ ਬਾਦਲ ਨੇ ਮਰਹੂਮ ਵਿੱਕੀ ਦੇ ਪਿਤਾ ਗੁਰਦਿਆਲ ਸਿੰਘ, ਭਰਾ ਅਜੈਪਾਲ ਕੁਲਾਰ, ਮਾਂ ਸੁਰਿੰਦਰ ਕੌਰ ਅਤੇ ਪਤਨੀ ਹਰਕੀਰਤ ਕੌਰ ਨਾਲ ਦੁੱਖ ਸਾਂਝਾ ਕੀਤਾ ਅਤੇ ਆਖਿਆ ਕਿ ਸਮੁੱਚਾ ਅਕਾਲੀ ਦਲ, ਮਿੱਡੂਖੇੜਾ ਪਰਿਵਾਰ ਦੇ ਨਾਲ ਖੜ੍ਹਾ ਹੈ। ਇਸ ਮੌਕੇ ਵੱਖ ਵੱਖ ਅਕਾਲੀ ਆਗੂ ਵੀ ਮੌਜੂਦ ਸਨ।

Leave a Reply

Your email address will not be published. Required fields are marked *