ਜ਼ਿਲ੍ਹਾ ਪ੍ਰੀਸ਼ਦ ਚੋਣਾਂ: ਆਰਐੱਸਐੱਸ ਦਾ ਗੜ੍ਹ ਭਾਜਪਾ ਹੱਥੋਂ ਖੁੱਸਿਆ

ਨਾਗਪੁਰ: ਆਰਐੱਸਐੱਸ ਦੇ ਗੜ੍ਹ ਨਾਗਪੁਰ ’ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਭਾਜਪਾ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ-ਨੈਸ਼ਨਲਿਸਟ ਕਾਂਗਰਸ ਪਾਰਟੀ ਗੱਠਜੋੜ ਨੇ 58 ’ਚੋਂ 40 ਸੀਟਾਂ ਹਾਸਲ ਕੀਤੀਆਂ ਹਨ ਜਦਕਿ ਭਾਜਪਾ ਨੂੰ ਮਹਿਜ਼ 15 ਸੀਟਾਂ ਮਿਲੀਆਂ। ਸ਼ਿਵ ਸੈਨਾ ਨੇ ਇਕੱਲਿਆਂ ਚੋਣ ਲੜੀ ਸੀ ਅਤੇ ਉਸ ਨੂੰ ਇਕ ਸੀਟ ਹੀ ਨਸੀਬ ਹੋਈ ਹੈ। ਛੇ ਜ਼ਿਲ੍ਹਾ ਪ੍ਰੀਸ਼ਦਾਂ ’ਚ ਕੁੱਲ 332 ’ਚੋਂ ਭਾਜਪਾ ਨੂੰ 103, ਕਾਂਗਰਸ ਨੂੰ 73, ਐੱਨਸੀਪੀ ਨੂੰ 46 ਅਤੇ ਸ਼ਿਵ ਸੈਨਾ ਨੂੰ 49 ਸੀਟਾਂ ਮਿਲੀਆਂ ਹਨ। ਪਲਗੜ ਜ਼ਿਲ੍ਹਾ ਪ੍ਰੀਸ਼ਦ ਦੀਆਂ 57 ਸੀਟਾਂ ’ਚੋਂ ਸ਼ਿਵ ਸੈਨਾ ਨੂੰ 18, ਐੱਨਸੀਪੀ ਨੂੰ 14 ਅਤੇ ਭਾਜਪਾ ਨੂੰ 12 ਸੀਟਾਂ ਮਿਲੀਆਂ ਜਦਕਿ ਸੀਪੀਐੱਮ ਨੂੰ ਪੰਜ ਅਤੇ ਤਿੰਨ ਆਜ਼ਾਦ ਉਮੀਦਵਾਰ ਚੋਣਾਂ ਜਿੱਤੇ ਹਨ। ਉਂਜ ਧੂਲੇ ’ਚ ਭਾਜਪਾ ਨੇ 56 ’ਚੋਂ 39 ਸੀਟਾਂ ਜਿੱਤ ਕੇ ਕੁਝ ਸਾਖ ਬਚਾਈ ਹੈ। ਇਥੇ ਕਾਂਗਰਸ ਨੂੰ ਸੱਤ, ਸ਼ਿਵ ਸੈਨਾ ਨੂੰ ਚਾਰ ਅਤੇ ਐੱਨਸੀਪੀ ਨੂੰ ਤਿੰਨ ਸੀਟਾਂ ਮਿਲੀਆਂ ਹਨ। ਨੰਦਰਬਾਰ ਚੋਣਾਂ ’ਚ ਭਾਜਪਾ ਅਤੇ ਕਾਂਗਰਸ ਨੂੰ 23-23 ਸੀਟਾਂ ਮਿਲੀਆਂ ਜਦਕਿ ਸ਼ਿਵ ਸੈਨਾ ਨੇ ਸੱਤ ਅਤੇ ਐੱਨਸੀਪੀ ਨੇ ਤਿੰਨ ਸੀਟਾਂ ਜਿੱਤੀਆਂ। ਵਾਸ਼ਿਮ ਜ਼ਿਲ੍ਹਾ ਪ੍ਰੀਸ਼ਦ ’ਚ ਵੀ ਭਾਜਪਾ ਨੂੰ ਝਟਕਾ ਲੱਗਾ ਹੈ ਅਤੇ ਉਸ ਨੂੰ 52 ’ਚੋਂ ਸੱਤ ਸੀਟਾਂ ਮਿਲੀਆਂ ਹਨ। ਜ਼ਿਕਰਯੋਗ ਹੈ ਕਿ 58 ਜ਼ਿਲ੍ਹਾ ਪ੍ਰੀਸ਼ਦਾਂ ਅਤੇ 116 ਪੰਚਾਇਤ ਸੰਮਤੀਆਂ ਲਈ ਚੋਣਾਂ 7 ਜਨਵਰੀ ਨੂੰ ਹੋਈਆਂ ਸਨ ਅਤੇ ਅੱਜ ਨਤੀਜੇ ਐਲਾਨੇ ਗਏ। ਛੇ ਪੰਚਾਇਤ ਸੰਮਤੀਆਂ ’ਚ ਭਾਜਪਾ ਨੂੰ ਝਟਕਾ ਲੱਗਣ ਜਾ ਰਿਹਾ ਹੈ ਜਿਥੇ 664 ਸੀਟਾਂ ’ਚੋਂ ਭਾਜਪਾ ਨੂੰ 194 ਸੀਟਾਂ ਮਿਲੀਆਂ।

Leave a Reply

Your email address will not be published. Required fields are marked *