ਅਦਬ ਦਾ ਵਗਦਾ ਦਰਿਆ – ਡਾ ਹਰਿਭਜਨ ਸਿੰਘ- ਉਜਾਗਰ ਸਿੰਘ

  ਡਾ ਹਰਿਭਜਨ ਸਿੰਘ ਦਿੱਲੀ ਅਦਬ ਦਾ ਵਗਦਾ ਦਰਿਆ ਸਨ। ਉਨ੍ਹਾਂ ਦਾ ਹਰ ਸ਼ਬਦ ਅਦਬ ਦੀ ਖ਼ੁਸ਼ਬੂ ਨਾਲ ਲਬਰੇਜ਼ ਹੁੰਦਾ ਸੀ। ਉਹ ਸਾਹਿਤਕ ਪ੍ਰਤਿਭਾ ਦੇ ਮਾਲਕ ਸਨ। ਪ੍ਰਤਿਭਾ ਕੁਦਰਤ ਦੀ ਦੇਣ ਹੁੰਦੀ ਹੈ ਅਤੇ ਨਾ ਹੀ ਇਹ ਕਿਸੇ ਜਾਣ ਪਹਿਚਾਣ ਦੀ ਮੁਹਤਾਜ , ਨਾ ਹੀ ਕਦੀਂ ਲੁਕ ਛਿਪਕੇ ਰਹਿੰਦੀ  ਹੈ। ਇਨਸਾਨ ਭਾਵੇਂ ਕਿਹੋ ਜਹੇ ਹਾਲਾਤ ਵਿਚੋਂ ਲੰਘ ਰਿਹਾ ਹੋਵੇ, ਪ੍ਰਤਿਭਾ ਆਪਣੇ ਰੰਗ ਵਿਖਾ ਦਿੰਦੀ ਹੈ ਪ੍ਰੰਤੂ ਪ੍ਰਤਿਭਾ ਨੂੰ ਉਸਾਰੂ ਕੰਮਾ ਲਈ ਵਰਤਣਾ ਹੈ ਜਾਂ ਨਾਂਹਪੱਖੀ, ਇਹ ਇਹ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ। ਸਿਰਮੌਰ ਚਿੰਤਕ,  ਖੋਜੀ ਵਿਦਵਾਨ, ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ, ਸਫਲ ਅਧਿਆਪਕ,  ਨਿਮਰਤਾ ਦੇ ਪੁੰਜ ਅਤੇ ਸਾਹਿਤ ਵਿਚ ਸੰਵਾਦ ਅਤੇ ਵਿਵਾਦ ਦੀ ਪਰੰਪਰਾ ਸ਼ੁਰੂ ਕਰਨ ਵਾਲੇ ਡਾ ਹਰਿਭਜਨ ਸਿੰਘ ਵਿਲੱਖਣ ਪ੍ਰਤਿਭਾ ਅਤੇ ਸ਼ਖਸ਼ੀਅਤ ਦੇ ਮਾਲਕ ਰਹੱਸਵਾਦੀ ਕਵੀ ਅਤੇ ਆਲੋਚਕ ਸਨ। ਜਿਨ੍ਹਾਂ ਨੇ ਆਪਣੀ ਪ੍ਰਤਿਭਾ ਨੂੰ ਸਮਾਜ ਦੀ ਬਿਹਤਰੀ ਲਈ ਵਰਤਿਆ ਹੈ। ਡਾ ਹਰਿਭਜਨ ਸਿੰਘ ਦੀ ਵਿਦਵਤਾ ਬਾਰੇ ਲਿਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਬਾਰੇ ਲਿਖਣ ਲਈ ਉਨ੍ਹਾਂ ਦੇ ਬਰਾਬਰ ਦਾ ਵਿਦਵਾਨ ਹੋਣਾ ਚਾਹੀਦਾ ਹੈ। ਮੈਂ ਇਸਦੇ ਕਾਬਲ ਨਹੀਂ ਪ੍ਰੰਤੂ ਉਨ੍ਹਾਂ ਦੇ ਕੋਤਰ ਸੌ ਵੇਂ (101ਵੇਂ) ਜਨਮ ਦਿਨ ਤੇ ਸਾਹਿਤ ਦਾ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨਾ ਚਾਹੁੰਦਾ ਹਾਂ। ਇਸ ਲਈ ਲਿਖਣ ਦੀ ਕੋਸਿਸ਼ ਕਰਾਂਗਾ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਵੇਖਦਿਆਂ ਜ਼ਿਦੰਗੀ ਦੇ ਸਾਰੇ ਰੰਗ ਮਾਣੇ ਸਨ। ਉਹ ਇਕ ਅਮੀਰ ਪਰਿਵਾਰ ਵਿਚ ਪੈਦਾ ਹੋਏ, ਗ਼ਰੀਬੀ ਦਾਵੇ ਵਿਚ ਪਾਲਣ ਪੋਸਣ ਹੋਇਆ ਅਤੇ ਖ਼ੁਸ਼ਹਾਲ ਜੀਵਨ ਬਤੀਤ ਕਰਦਿਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ  ਸਾਹਿਤ ਦੀ ਝੋਲੀ ਨੂੰ ਆਪਣੀ ਪ੍ਰਤਿਭਾ ਦੇ ਰੰਗ ਨਾਲ ਬਹੁਰੰਗਾ ਅਤੇ ਮਾਲੋਮਾਲ ਕੀਤਾ। ਉਹ ਆਧੁਨਿਕ ਪੰਜਾਬੀ ਕਵਿਤਾ ਅਤੇ ਚਿੰਤਨ ‘ਤੇ ਲਗਪਗ ਅੱਧੀ ਸਦੀ ਤੱਕ ਛਾਏ ਰਹੇ। ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸਕਾਰ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਪੰਜਾਬੀ ਸਾਹਿਤ ਨੂੰ ਬੜੇ ਸਲੀਕੇ, ਤਰਤੀਬ, ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਲਿਖਿਆ, ਜਿਹੜਾ ਪੰਜਾਬੀ ਦੇ ਇਤਿਹਾਸ ਦਾ ਹਿੱਸਾ ਬਣ ਗਿਆ। ਡਾ ਹਰਿਭਜਨ ਸਿੰਘ ਨੇ 82 ਸਾਲ ਦੀ ਜ਼ਿੰਦਗੀ ਵਿਚ 89 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਉਹ ਇਕ ਵਿਅਕਤੀ ਹੀ ਨਹੀਂ ਸਗੋਂ ਇਕ ਸੰਸਥਾ ਸਨ ਕਿਉਂਕਿ ਉਨ੍ਹਾਂ ਦਾ ਸਾਹਿਤਕ ਕੰਮ ਇਸਦਾ ਪ੍ਰਤੀਕ ਹੈ। ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਵਿਚ ਪੰਜਾਬੀ ਦੇ 15 ਕਾਵਿ ਸੰਗ੍ਰਹਿ, 18 ਸਮੀਖਿਆ, 10 ਪਾਠ ਪੁਸਤਕਾਂ, 22 ਅਨੁਵਾਦ, 4 ਚੋਣਵੇਂ ਸੰਗ੍ਰਹਿ, 2 ਬਾਲ ਸਾਹਿਤ, 3 ਗਦ ਰਚਨਾ, ਇੱਕ ਰੇਡੀਓ ਫੀਚਰ, 17 ਸੰਪਾਦਿਤ, 4 ਹਿੰਦੀ, 3 ਅੰਗਰੇਜ਼ੀ ਅਤੇ ਇੱਕ ਫੁਟਕਲ ਪੁਸਤਕਾਂ ਸ਼ਾਮਲ ਹਨ। ਉਹ ਫਕੀਰ ਕਿਸਮ ਦਾ ਮਸਤ ਮੌਲਾ ਕਵੀ ਸੀ, ਜਿਹੜਾ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਲਿਖਦਾ ਰਿਹਾ। ਉਸਦੀ ਹਰ ਕਵਿਤਾ ਕਿਸੇ ਖਾਸ ਉਦੇਸ ਨੂੰ ਮੁੱਖ ਰੱਖਕੇ ਲਿਖੀ ਹੋਈ ਹੁੰਦੀ ਸੀ। ਜਾਣੀ ਕਿ ਉਸ ਦੀਆਂ ਕਵਿਤਾਵਾਂ ਸਮਾਜਿਕ ਲਹਿਰਾਂ ਅਤੇ ਸਥਾਨਕ ਕੌਮੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਵਿਚੋਂ ਪੈਦਾ ਹੋਈਆਂ ਹੁੰਦੀਆਂ ਸਨ। ਪੰਜਾਬੀ ਦਾ ਉਹ ਇਕੋ ਇਕ ਸਿਰਮੌਰ ਕਵੀ ਹੈ, ਜਿਸਨੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ ਦੇ ਡੀ ਆਈ ਜੀ ਅਟਵਾਲ ਦੇ ਕਤਲ ਨੂੰ ਸਿੱਖ ਵਿਚਾਰਧਾਰਾ ਦੇ ਵਿਰੁੱਧ ਕਿਹਾ। ਬਲਿਊ ਸਟਾਰ ਅਪ੍ਰੇਸ਼ਨ ਨੂੰ ਹਰ ਪੰਜਾਬੀ ਖਾਸ ਤੌਰ ਤੇ ਸਿੱਖ ਨੇ ਬਹੁਤ ਹੀ ਗਲਤ ਕਿਹਾ ਅਤੇ ਉਨ੍ਹਾਂ ਦੇ ਦਿਲ ਵਲੂੰਧਰੇ ਗਏ। ਡਾ ਹਰਿਭਜਨ ਿਸੰਘ ਨੇ ਹਰਿਮੰਦਰ ਸਾਹਿਬ ਵਿਚ ਬਲਿਊ ਸਟਾਰ ਅਪ੍ਰੇਸ਼ਨ, ਚੌਰਾਸੀ ਦਾ ਦਿੱਲੀ ਅਤੇ ਦੇਸ ਦੇ ਹੋਰ ਹਿਸਿਆਂ ਵਿਚ ਹੋਏ ਕਤਲੇਆਮ ਬਾਰੇ ਅਤਿ ਦਰਦਨਾਇਕ ਕਵਿਤਾਵਾਂ ਲਿਖੀਆਂ ਜਿਹੜੀਆਂ ਪਾਠਕਾਂ ਦੇ ਦਿਲਾਂ ਨੂੰ ਵਲੂੰਧਰ ਗਈਆਂ ਸਨ। ਉਨ੍ਹਾਂ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ-
ਹਰਿਮੰਦਰ ਨੂੰ ਤੁਰਦੀ ਜਾਵਾਂ, ਮਨ ਵਿਚ ਸੰਸਾ ਭਾਰਾ।
ਹਿੰਦੂ ਪੇਕੇ ਮੇਰੇ ਸਿੱਖ ਸਹੁਰੇ, ਮੇਰਾ ਕਿਥੇ ਸ਼ੁਮਾਰਾ।
ਤੈਂ ਦਰ ਛੱਡ ਕੇ, ਮੈਂ ਕੈਂ ਦਰ ਜਾਵਾਂ।
ਫੌਜਾਂ ਕੌਣ ਦੇਸ ਤੋਂ ਆਈਆਂ, ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ।
ਕਿਸ ਤੋਂ ਕਹਿਰ ਲਿਆਈਆਂ, ਕਿਸ ਫਨੀਅਰ ਦੀ ਫੂਕ ਨੇ, ਜਿਸਨੇ ਪੱਕੀਆਂ ਕੰਧਾਂ ਢਾਹੀਆਂ।
ਸਿਫਤ ਸਰੋਵਰ ਡੱਸਿਆ ਅੱਗਾਂ ਪੱਥਰ ਦੇ ਵਿਚ ਲਾਈਆਂ।
ਹਰਿ ਕੇ ਮੰਦਿਰ ਵਿਹੁ ਦੀਆਂ ਨਦੀਆਂ ਬੁੱਕਾਂ ਭਰ ਵਰਤਾਈਆਂ।
 ਇਕ ਹੋਰ ਕਵਿਤਾ ਵਿਚ ਉਨ੍ਹਾਂ ਲਿਖਿਆ-
ਹਰਿਮੰਦਰ ਦੀ ਕਰਨ ਜੁਹਾਰੀ ਤੂੰ ਆਈ ਕਰ ਟੈਂਕ ਸਵਾਰੀ।
ਸਤਿ ਸਿੰਘਾਸਣ ਹੱਥੀਂ ਢਾਹਿਆ, ਤੇ ਮੁੜ ਹੱਥੀਂ ਆਪ ਬਣਾਇਆ।
ਵਾਹ ਰਚਨਾ ਵਾਹ ਖੋਹੋ ਖੋਹੀ ਸੋਨ ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇਂ, ਆਪੇ ਤੂੰ ਸੰਕਟ ਉਪਜਾਵੇਂ।
ਨਿਕਟੀ ਹੋ ਕੇ ਆਪ ਬਚਾਵੇਂ ਨਿਤ ਨਿਰਮੋਹੀ ਸਦਾ ਸਨੇਹੀ।
ਪਰਕਰਮਾ ਤਕ ਆ ਪੁਜੀਆਂ ਨੇ ਆਂਦਰ ਆਂਦਰ ਮਾਵਾਂ।
ਪੱਥਰ ਪੱਥਰ ਪਾਸੋਂ ਪੁੱਛਣ ਪੁੱਤਰਾਂ ਦਾ ਸਿਰਨਾਵਾਂ।
ਉਹ ਜਿਹੜੇ ਵਿਚ ਪਰਦਖਣਾ ਡੁਲ੍ਹ ਗਏ ਲੈ ਕੇ ਤੇਰਾ ਨਾਵਾਂ।
 ਦਿੱਲੀ ਵਿਚ ਹੋਏ ਕਤਲੇਆਮ ਬਾਰੇ ਉਨ੍ਹਾਂ ਦੀ ਇਕ ਕਵਿਤਾ ਹੈ-
ਕਲ੍ਹ ਅਸੀਂ ਯਾਰ ਸਾਂ, ਕਲ੍ਹ ਹੋਵਾਂਗੇ ਅੱਜ ਅਸੀਂ ਯਾਰ ਨਹੀਂ।
ਕਲ੍ਹ ਤੋਂ ਤੁਰੇ ਤੇ ਕਲ੍ਹ ਤਕ ਪਹੁੰਚੇ  ਅਜ ਵਿਚਕਾਰ ਨਹੀਂ।
ਇਕ ਇਤਬਾਰ ਸੀ ਜੋ ਟੁੱਟ ਚੁੱਕਾ  ਜੁੜ ਜਾਵੇਗਾ।
ਜੁੜ ਕੇ ਫੇਰ ਨਹੀਂ ਟੁੱਟੇਗਾ ਇਹ ਇਤਬਾਰ ਨਹੀਂ।
     ਡਾ ਹਰਿਭਜਨ ਸਿੰਘ ਦਾ ਜਨਮ 18 ਅਗਸਤ 1920 ਨੂੰ ਆਸਾਮ ਰਾਜ ਦੇ ਲਮਡਿੰਗ ਸ਼ਹਿਰ ਵਿਚ ਪਿਤਾ ਗੰਡਾ ਸਿੰਘ ਅਤੇ ਮਾਤਾ ਗੰਗਾ ਦੇਈ (ਕਰਮ ਕੌਰ) ਦੇ ਘਰ ਹੋਇਆ। ਆਪਦੀਆਂ ਤਿੰਨ ਵੱਡੀਆਂ ਭੈਣਾ ਸਨ। ਆਪਦਾ ਜੱਦੀ ਪਿੰਡ ਭੁੱਲਰ ਅੰਮ੍ਰਿਤਸਰ ਜਿਲ੍ਹੇ ਵਿਚ ਸੀ। ਆਪਦੇ ਪਿਤਾ ਰੇਲਵੇ ਵਿਚ ਫੋਰਮੈਨ ਸਨ। ਚੰਗੀ ਜਾਇਦਾਦ ਵਾਲਾ ਖੁਸ਼ਹਾਲ ਪਰਿਵਾਰ ਸੀ ਪ੍ਰੰਤੂ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਅਜੇ ਹਰਿਭਜਰਨ ਸਿੰਘ ਇਕ ਸਾਲ ਦਾ ਹੀ ਸੀ ਤਾਂ ਆਪਦੇ ਪਿਤਾ ਟੀ ਵੀ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਆਪਦੀ ਮਾਂ ਚਾਰੇ ਬੱਚਿਆਂ ਨੂੰ ਲੈ ਕੇ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਭੁਲਰ ਅਤੇ ਬਾਅਦ ਵਿਚ ਲਾਹੌਰ ਚਲੀ ਗਈ। ਤਿੰਨ ਸਾਲ ਪਿਤਾ ਦੀ ਜਾਇਦਾਦ ਦੇ ਸਹਾਰੇ ਚੰਗੇ ਨਿਕਲੇ ਪ੍ਰੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾ ਵੀ ਸਵਰਗਵਾਸ ਹੋ ਗਈਆਂ। ਦੋਵੇਂ ਬੱਚੇ ਯਤੀਮ ਹੋ ਗਏ। ਬੱਚਿਆਂ ਦੀ ਵੇਖ ਭਾਲ ਕਰਨ ਵਾਲਾ ਕੋਈ ਨਾ ਰਿਹਾ। ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਲਮਡਿੰਗ ਵਾਲੀਆਂ ਪਿਤਾ ਪੁਰਖੀ ਜਾਇਦਾਦਾਂ ਤੇ ਕਬਜ਼ੇ ਕਰ ਲਏ, ਜਿਨ੍ਹਾਂ ਦੇ ਸਹਾਰੇ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ। ਫਿਰ ਆਪਦੀ ਇਕ ਵਿਧਵਾ ਮਾਸੀ ਜਿਹੜੀ ਲਾਹੌਰ ਦੇ ਵਿਚ ਹੀ ਇਛਰਾਂ ਇਲਾਕੇ ਵਿਚ ਹੀ ਰਹਿੰਦੀ ਸੀ, ਉਸਨੇ ਬੱਚਿਆਂ ਦੀ ਜ਼ਿੰਮੇਵਰੀ ਲਈ ਅਤੇ ਉਨ੍ਹਾਂ ਨੂੰ ਪਾਲਿਆ। ਹਰਿਭਜਨ ਸਿੰਘ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ। ਮਾਸੀ ਦੇ ਘਰ ਵਿਚ ਇਕੋ ਲਾਲਟੈਣ ਹੁੰਦੀ ਸੀ, ਜਦੋਂ ਘਰ ਦੇ ਕੰਮਾ ਤਂੋ ਵਿਹਲੀ ਹੁੰਦੀ ਤਾਂ ਫਿਰ ਮਾਸੀ ਉਹ ਲਾਲਟੈਣ ਹਰਿਭਜਨ ਸਿੰਘ ਦਿੰਦੀ ਤੇ ਫਿਰ ਉਹ ਉਸੇ ਦੀ ਰੌਸ਼ਨੀ ਵਿਚ ਪੜ੍ਹਾਈ ਕਰਦੇ ਸਨ। ਪੜ੍ਹਾਈ ਵਿਚ ਉਹ ਅਵਲ ਆਉਂਦਾ ਸੀ। ਦਸਵੀਂ ਡੀ ਏ ਵੀ ਸਕੂਲ ਲਾਹੌਰ ਵਿਚੋਂ ਹਿੰਦੀ ਅਤੇ ਸੰਸਕ੍ਰਿਤ ਵਿਸ਼ਿਆਂ ਨਾਲ ਪਾਸ ਕੀਤੀ। ਦਸਵੀਂ ਵਿਚੋਂ ਬੋਰਡ ਦੇ ਇਮਤਿਹਾਨ ਵਿਚੋਂ ਤੀਜੇ ਨੰਬਰ ਤੇ ਆਏ ਪ੍ਰੰਤੂ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਰਕੇ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਹੋਮੋਪੈਥਿਕ ਕੈਮਿਸਟ ਦੀ ਦੁਕਾਨ ਤੇ ਸੇਲਜ਼ੈਨ ਦੀ ਨੌਕਰੀ ਕਰ ਲਈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਦੇਸ ਦੀ ਵੰਡ ਤੋਂ ਬਾਅਦ ਦਿੱਲੀ ਆ ਕੇ ਵਸ ਗਏ ਤੇ ਉਥੇ ਪਹਿਲਾਂ ਰੇਲਵੇ ਵਿਚ  ਕਲਰਕ ਦੀ ਨੌਕਰੀ ਕੀਤੀ। ਉਸਤੋਂ ਬਾਅਦ ਭਾਰਤ ਸਰਕਾਰ ਵਿਚ ਅਪਰ ਡਵੀਜਨ ਕਲਰਕ ਭਰਤੀ ਹੋ ਗਏ। ਉਨ੍ਹਾਂ ਦਾ ਵਿਆਹ ਬੀਬੀ ਕਿਰਪਾਲ ਕੌਰ ਨਾਲ 1946 ਵਿਚ ਹੋਇਆ। ਆਪਦੇ ਤਿੰਨ ਲੜਕੇ ਹਨ। ਹਰਿਭਜਨ ਸਿੰਘ ਨੂੰ ਪੜ੍ਹਾਈ ਕਰਨ ਵਿਚ ਦਿਲਚਸਪੀ ਸੀ, ਇਸ ਕਰਕੇ ਕਲਰਕ ਦੀ  ਨੌਕਰੀ ਛੱਡਕੇ ਉਸਨੇ ਖਾਲਸਾ ਸਕੂਲ ਦਿੱਲੀ ਵਿਖੇ ਸਹਾਇਕ ਲਾਇਬਰੇਰੀਅਨ ਦੀ ਨੌਕਰੀ ਕਰ ਲਈ। ਦਸਵੀਂ ਤੋਂ ਬਾਅਦ ਉਸਨੇ ਸਾਰੀ ਪੜ੍ਹਾਈ ਪ੍ਰਾਈਵੇਟ ਵਿਦਿਆਰਥੀ ਦੇ ਤੌਰ ਤੇ ਨੌਕਰੀ ਕਰਦਿਆਂ ਹੀ ਕੀਤੀ। ਸਭ ਤੋਂ ਪਹਿਲਾਂ 1940 ਵਿਚ ਪ੍ਰਭਾਕਰ, 1941 ਵਿਚ ਸਾਹਿਤਯ ਰਤਨ ਅਤੇ ਗਿਆਨੀ ਪਾਸ ਕੀਤੀ। ਉਸਤੋਂ ਬਾਅਦ ਮੁਨਸ਼ੀ ਫਾਜ਼ਲ, ਬੀ ਏ, ਐਮ ਏ ਹਿੰਦੀ ਅਤੇ ਐਮ ਏ ਅੰਗਰੇਜ਼ੀ ਲਿਟਰੇਚਰ ਦਿੱਲੀ ਯੂਨੀਵਰਸਿਟੀ ਤੋਂ ਪਾਸ ਕੀਤੀਆਂ। ਪੀ ਐਚ ਡੀ ਆਪਨੇ ”ਗੁਰਮੁਖੀ ਲਿਪੀ ਮੇਂ ਹਿੰਦੀ ਕਾਵਯ” ਵਿਸ਼ੇ ਉਪਰ ਕੀਤੀ। ਪਹਿਲਾਂ ਆਪ 1958 ਵਿਚ ਖਾਲਸਾ ਕਾਲਜ ਦਿੱਲੀ ਅਤੇ ਬਾਅਦ ਵਿਚ ਹਿੰਦੀ ਦੇ ਲੈਕਚਰਾਰ ਲੱਗ ਗਏ। ਉਸਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿਚ ਹਿੰਦੀ ਦੇ ਲੈਕਚਰਾਰ ਰਹੇ। ਦਿੱਲੀ ਯੂਨੀਵਰਸਿਟੀ ਵਿਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗੇ ਉਸਤੋਂ ਬਾਅਦ ਉਥੇ ਹੀ1968 ਵਿਚ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਵਿਚ ਪੰਜਾਬੀ ਦੇ ਪ੍ਰੋਫੈਸਰ ਲੱਗ ਗਏ। 1984 ਵਿਚ ਸੇਵਾ ਮੁਕਤੀ ਤੋਂ ਬਾਅਦ ਆਖਰੀ ਸਮੇਂ ਤੱਕ ਉਹ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਮਰੈਟਿਸ ਰਹੇ। ਇਕ ਵਾਰ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਦੀ ਹੋ ਗਈ ਪ੍ਰੰਤੂ ਆਪਨੂੰ ਨੌਕਰੀ ਜਾਇਨ ਨਾ ਕਰਨ ਦਿੱਤੀ ਗਈ ਕਿਉਂਕਿ ਆਪ ਪੰਜਾਬੀ ਦੀ ਐਮ ਏ ਨਹੀਂ ਸਨ। ਹੈਰਾਨੀ ਦੀ ਗੱਲ ਹੈ, ਜਿਸ ਯੂਨੀਵਰਸਿਟੀ ਨੇ ਜਾਇਨ ਨਹੀਂ ਕਰਨ ਦਿੱਤਾ ਸੀ, ਉਸੇ ਯੂਨੀਵਰਸਿਟੀ ਨੇ ਆਪਨੂੰ 1996 ਵਿਚ ਡੀ ਲਿਟ ਦੀ ਡਿਗਰੀ ਪ੍ਰਦਾਨ ਕੀਤੀ। ਆਪਨੇ ਵੱਖ-ਵੱਖ ਵਿਸ਼ਿਆਂ ਕਵਿਤਾ, ਆਲੋਚਨਾ ਸਾਹਿਤਕ ਇਤਿਹਾਸ, ਜੀਵਨੀਆਂ ਅਤੇ ਅਨੁਵਾਦ ਦੀਆਂ ਪੰਜਾਬੀ ਭਾਸ਼ਾ ਵਿਚ 80 ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾ ਕੇ ਪੰਜਾਬੀ ਭਾਸ਼ਾ ਨੂੰ ਮਾਲੋਮਾਲ ਕੀਤਾ।
  ਡਾ ਹਰਿਭਜਨ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਸਨ। ਉਨ੍ਹਾਂ ਨੇ ਦੋ ਮੌਕਿਆਂ ਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਆਯੋਜਤ ਸਮਾਗਮ ਜਿਸ ਵਿਚ ਸਮੁੱਚੇ ਸੰਸਾਰ ਤੋਂ ਪ੍ਰਤੀਨਿਧ ਆਏ ਹੋਏ ਸਨ ਵਿਚ ਭਾਰਤੀ ਪਰੰਪਰਾ ਤੇ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਬਰਤਾਨੀਆਂ ਵਿਚ ਸੂਫੀ ਮਤ ਤੇ ਭਾਰਤ ਵਿਸ਼ੇ ਤੇ ਭਾਸ਼ਣ ਦਿੱਤੇ ਜਿਨ੍ਹਾਂ ਨੇ ਡਾ ਹਰਿਭਜਨ ਸਿੰਘ ਦੀ ਵਿਲੱਖਣ ਵਿਦਵਤਾ ਦਾ ਸਿੱਕਾ ਜਮ੍ਹਾ ਦਿੱਤਾ। ਉਨ੍ਹਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਸੀ ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ। ਉਹ ਸਮਰਪਤ ਭਾਵਨਾ ਵਾਲੇ ਬੁੱਧੀਜੀਵੀ ਸਨ। ਉਨ੍ਹਾਂ ਦੀ ਵਿਦਵਤਾ ਦਾ ਇਸ ਗੱਲ ਤੋਂ ਵੀ ਪਤਾ ਲਗਦਾ ਹੈ ਕਿ ਜਿਹੜੇ ਵਿਦਵਾਨਾ ਨੇ ਉਨ੍ਹਾਂ ਅਧੀਨ ਪੀ ਐਚ ਡੀ ਕੀਤੀ ਹੈ ਉਨ੍ਹਾਂ ਵਿਚ ਡਾ ਅਤਰ ਸਿੰਘ, ਡਾ ਸੁਤਿੰਦਰ ਸਿੰਘ ਨੂਰ, ਡਾ ਜਸਪਾਲ ਸਿੰਘ ਸਾਬਕਾ ਉਪਕੁਲਪਤੀ ਅਤੇ ਡਾ ਮਨਜੀਤ ਸਿੰਘ ਵਰਨਣਯੋਗ ਹਨ। ਡਾ ਹਰਿਭਜਨ ਸਿੰਘ ਨੂੰ ਪੰਜਾਬੀ ਅਤੇ ਹਿੰਦੀ ਦੇ ਲਗਪਗ 35 ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਮਾਨ ਸਨਮਾਨ ਦੇ ਕੇ ਸਨਮਾਨਿਆ। ਉਨ੍ਹਾਂ ਸਨਮਾਨਾ ਵਿਚੋਂ ਮੁੱਖ ਤੌਰ ਤੇ  ਸਾਹਿਤ ਅਕਾਦਮੀ ਪੁਰਸਕਾਰ, ਬਿਰਲਾ ਫਾਊਂਡੇਸ਼ਨ ਸਰਸਵਤੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਅੰਤਰਰਾਸ਼ਟਰੀ ਸ਼ਰੋਮਣੀ ਸਾਹਿਤਕਾਰ ਸਨਮਾਨ, ਗਿਆਨੀ ਗੁਰਮੁੱਖ ਸਿੰਘ ਪੁਰਸਕਾਰ, ਪੰਜਾਬ ਸਟੇਟ ਭਾਈ ਵੀਰ ਸਿੰਘ ਪੁਰਸਕਾਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸਨਮਾਨ, ਸਾਹਿਤ ਕਲਾ ਪੁਰਸਕਾਰ, ਪੰਜਾਬ ਲਿਟਰੇਰੀ ਫੋਰਮ ਪੁਰਸਕਾਰ, ਮੱਧ ਪ੍ਰਦੇਸ਼ ਸਰਕਾਰ ਨੇ ਕਬੀਰ ਪੁਰਸਕਾਰ, ਉਤਰ ਪ੍ਰਦੇਸ ਸਰਕਾਰ ਦਾ ਸਨਮਾਨ ਅਤੇ ਵਾਰਿਸ ਸ਼ਾਹ ਪੁਰਸਕਾਰ ਵਰਨਣਯੋਗ ਹਨ।
                                                       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                                                                                                                          
                                                         ਮੋਬਾਈਲ-94178 13072
                                                                                                              ujagarsingh੪੮@yahoo.com

Leave a Reply

Your email address will not be published. Required fields are marked *