ਕਰਤਾਰਪੁਰ ਲਾਂਘਾ: ਪਾਕਿ ਬਣਾਏਗਾ ਆਪਣੇ ਹਿੱਸੇ ਦਾ ਪੁਲ

People on their first visit to Kartarpur Sahib gurudwara on 9th nov. 2019. Express photo by Neeraj Priyadarshi.09112019

ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘਾ ਪ੍ਰਾਜੈਕਟ ਤਹਿਤ ਪੁੱਲ ਦੇ ਇਕ ਹਿੱਸੇ ਦੀ ਊਸਾਰੀ ਨੂੰ ਲੈ ਕੇ ਅੱਜ ਭਾਰਤ-ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀ ਅਹਿਮ ਮੀਟਿੰਗ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਭਾਰਤ ਵਾਲੇ ਪਾਸੇ ਹੋਈ। ਲਾਂਘਾ ਖੁੱਲ੍ਹਣ ਮਗਰੋਂ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਦੀ ਇਸ ਪਲੇਠੀ ਮੀਟਿੰਗ ਵਿੱਚ ਪਾਕਿ ਦੇ ਚਾਰ ਤਕਨੀਕੀ ਮਾਹਿਰ ਸ਼ਾਮਲ ਹੋਏ, ਜਿਸ ਦੀ ਅਗਵਾਈ ਜਨਾਬ ਮੁਰਾਦ ਨੌਸ਼ਾਦ ਨੇ ਕੀਤੀ। ਭਾਰਤ ਵੱਲੋਂ ਲੈਂਡ ਪੋਰਟ ਅਥਾਰਿਟੀ ਦੇ ਅਧਿਕਾਰੀ ਜਤਿੰਦਰ ਸਿੰਘ, ਐੱਨਐੱਚਏਆਈ ਦੇ ਇਸ਼ਾਂਤ ਖੁਰਾਣਾ ਤੇ ਬੀਐੱਸਐੱਫ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਪਾਕਿਸਤਾਨ ਨੇ ਆਪਣੇ ਹਿੱਸੇ ਦਾ ਪੁੱਲ ਬਣਾਉਣ ਦੀ ਸਹਿਮਤੀ ਦਿੱਤੀ, ਪਰ ਉਸਾਰੀ ਮੁਕੰਮਲ ਕਰਨ ਬਾਰੇ ਕੋਈ ਨਿਰਧਾਰਿਤ ਤਰੀਕ ਨਹੀਂ ਦੱਸੀ।

ਕਾਬਿਲੇਗੌਰ ਹੈ ਕਿ ਹੜ੍ਹਾਂ ਦੇ ਖਤਰੇ ਦੇ ਟਾਕਰੇ ਲਈ ਪਾਕਿਸਤਾਨ ਵੱਲੋਂ 260 ਤੋਂ 300 ਮੀਟਰ ਤੱਕ ਪੁੱਲ ਉਸਾਰਿਆ ਜਾਣਾ ਹੈ, ਜਦੋਂਕਿ ਭਾਰਤ ਨੇ ਆਪਣੇ ਹਿੱਸੇ ਦਾ ਪੁੱਲ ਪਹਿਲਾਂ ਹੀ ਬਣਾ ਲਿਆ ਹੈ। ਪਾਕਿਸਤਾਨ ਵਾਲੇ ਪਾਸੇ ਰਾਵੀ ਉਪਰ ਤਾਂ ਪੁੱਲ ਬਣਾਇਆ ਗਿਆ ਹੈ, ਪਰ ਲਾਂਘੇ ਵਾਲੀ ਥਾਂ ਤੋਂ ਜ਼ੀਰੋ ਲਾਈਨ ਤੱਕ ਅਜੇ ਪੁੱਲ ਬਣਾਉਣਾ ਬਾਕੀ ਹੈ| ਇਸੇ ਸੰਦਰਭ ਵਿੱਚ ਅੱਜ ਦੋਵਾਂ ਮੁਲਕਾਂ ਦੇ ਤਕਨੀਕੀ ਮਾਹਿਰਾਂ ਦੀ ਮੀਟਿੰਗ ਹੋਈ ਹੈ| ਮੀਟਿੰਗ ਵਿੱਚ ਹਾਜ਼ਰ ਸਿਗਲ ਇੰਡੀਆ ਲਿਮਟਿਡ ਦੇ ਊਪ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਵਿਚਾਲੇ ਪੁਲ ਦੇ ਨਿਰਮਾਣ, ਇਸ ਦੇ ਸਰਵੇ ਅਤੇ ਲੈਵਲ ਤੋਂ ਇਲਾਵਾ ਹੋਰ ਕੋਈ ਗੱਲਬਾਤ ਨਹੀਂ ਹੋਈ| ਉਨ੍ਹਾਂ ਦੱਸਿਆ ਕਿ ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਪਾਕਿ ਦੇ ਤਕਨੀਕੀ ਮਾਹਿਰਾਂ ਦੀ ਟੀਮ ਨੂੰ ਭਾਰਤ ਵੱਲੋਂ ਉਸਾਰੇ ਗਏ ਪੁਲ ਦੀ ਡਰਾਇੰਗ/ਨਕਸ਼ਾ ਦਿਖਾਇਆ ਹੈ| ਮੀਟਿੰਗ ਦੌਰਾਨ ਪਾਕਿ ਮਾਹਿਰਾਂ ਨੇ ਪੁਲ ਦਾ ਨਿਰਮਾਣ ਸ਼ੁਰੂ ਕਰਨ ਬਾਰੇ ਕੋਈ ਨਿਰਧਾਰਿਤ ਤਰੀਕ ਨਹੀਂ ਦੱਸੀ। ਉਨ੍ਹਾਂ ਦੱਸਿਆ ਕਿ ਭਾਰਤ ਨੇ ਆਪਣੇ ਹਿੱਸੇ ਦੇ ਪੁਲ ਨੂੰ ਦੋ ਮਹੀਨੇ ਪਹਿਲਾਂ ਹੀ ਮੁਕੰਮਲ ਕਰ ਲਿਆ ਸੀ। ਚੇਤੇ ਰਹੇ ਕਿ ਭਾਰਤ ਨੇ ਆਪਣੇ ਵਾਲੇ ਪਾਸੇ ਪੁਲ ਦਾ ਨਿਰਮਾਣ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਦੌਰਾਨ ਹੀ ਕੀਤਾ ਸੀ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਮੌਕੇ ਸ਼ਰਧਾਲੂ ਪੁਲ ਦੇ ਨੇੜੇ ਇੱਕ ਆਰਜ਼ੀ ਰਸਤੇ ਰਾਹੀਂ ਜ਼ੀਰੋ ਲਾਈਨ ਤੱਕ ਪਹੁੰਚਦੇ ਸਨ| ਸ਼ੁਰੂਆਤੀ ਦੌਰ ਵਿੱਚ ਪਾਕਿਸਤਾਨ ਸਰਕਾਰ ਇਸ ਪੁਲ ਦੀ ਉਸਾਰੀ ਲਈ ਕੁਝ ਮੋਹਲਤ ਮੰਗਦੀ ਰਹੀ ਹੈ|

Leave a Reply

Your email address will not be published. Required fields are marked *