ਜੰਮੂ ’ਚ ਗੈਰਕਾਨੂੰਨੀ ਤੌਰ ’ਤੇ ਰਹਿੰਦੇ 168 ਰੋਹਿੰਗੀਆ ਜੇਲ੍ਹ ਭੇਜੇ

ਜੰਮੂ : ਜੰਮੂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 168 ਰੋਹਿੰਗੀਆ ਮੁਸਲਮਾਨਾਂ ਨੂੰ ਜੇਲ੍ਹ ਭੇੇਜ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਲੰਘੇ ਦਿਨ ਜੰਮੂ ਵਿੱਚ ਰਹਿੰਦੇ ਰੋਹਿੰਗੀਆ ਮੁਸਲਮਾਨਾਂ ਦੀ ਬਾਇਓਮੀਟਰਿਕ ਤੇ ਹੋਰ ਤਫ਼ਸੀਲ ਇਕੱਤਰ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦਾ ਮੁੱਖ ਮੰਤਵ ਜੰਮੂ ’ਚ ਪ੍ਰਮਾਣਕ ਦਸਤਾਵੇਜ਼ ਤੋਂ ਬਿਨਾਂ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਨਾ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਘੱਟੋ-ਘੱਟ 168 ਰੋਹਿੰਗੀਆ ਮੁਸਲਮਾਨਾਂ ਨੂੰ ਹੀਰਾਨਗਰ ਜੇਲ੍ਹ ਭੇਜ ਦਿੱਤਾ ਗਿਆ ਹੈ।’ ਅਧਿਕਾਰੀ ਨੇ ਕਿਹਾ ਕਿ ਮਿਆਂਮਾਰ ਤੋਂ ਆਏ ਰੋਹਿੰਗੀਆ ਮੁਸਲਮਾਨਾਂ ਦੀ ਪਛਾਣ ਲਈ ਐੱਮੲੇਐੱਮ ਸਟੇਡੀਅਮ ਵਿੱਚ ਉੱਚ ਸੁਰੱਖਿਆ ਦਰਮਿਆਨ ਮੁਹਿੰਮ ਚਲਾਈ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ਨਿਚਰਵਾਰ ਤੋਂ ਆਰੰਭੀ ਮੁਹਿੰਮ ਤਹਿਤ ਰੋਹਿੰਗੀਆਂ ਦੇ ਬਾਇਓਮੀਟਰਕ ਤੇ ਹੋਰ ਤਫ਼ਸੀਲ ਤੋਂ ਇਲਾਵਾ ਠਹਿਰ ਦੀ ਥਾਂ ਆਦਿ ਦਾ ਵੇਰਵਾ ਵੀ ਇਕੱਤਰ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਜੰਮੂ ਤੇ ਸਾਂਬਾ ਜ਼ਿਲ੍ਹਿਆਂ ਵਿੱਚ 13700 ਤੋਂ ਵੱਧ ਵਿਦੇਸ਼ੀ, ਜਿਨ੍ਹਾਂ ਵਿੱਚ ਰੋਹਿੰਗੀਆ ਮੁਸਲਮਾਨ ਤੇ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਰਹਿੰਦੇ ਹਨ। ਸਾਲ 2008 ਤੋਂ 2016 ਦੇ ਅਰਸੇ ਦਰਮਿਆਨ ਇਨ੍ਹਾਂ ਦੀ ਆਬਾਦੀ 6000 ਦੇ ਕਰੀਬ ਵਧ ਗਈ ਹੈ। ਜੰਮੂ ਦੀਆਂ ਕਈ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਨੇ ਰੋਹਿੰਗੀਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੁਲਕ ਮਿਆਂਮਾਰ ਭੇਜਣ ਲਈ ਫੌਰੀ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਦਾ ਤਰਕ ਹੈ ਕਿ ਇਨ੍ਹਾਂ ਦੀ ਮੌਜੂਦਗੀ ਖਿੱਤੇ ਦੇ ‘ਭੂਗੋਲਿਕ ਕਿਰਦਾਰ ਨਾਲ ਛੇੜਛਾੜ ਦੀ ਸਾਜ਼ਿਸ਼’ ਹੋਣ ਦੇ ਨਾਲ ‘ਅਮਨ ਲਈ ਵੀ ਖ਼ਤਰਾ’ ਹੈ। 

Leave a Reply

Your email address will not be published. Required fields are marked *