ਜੰਮੂ ਬੱਸ ਅੱਡੇ ਨੇੜਿਓਂ ਬਾਰੂਦੀ ਸੁਰੰਗ ਮਿਲੀ

ਜੰਮੂ : ਜੰਮੂ ਬੱਸ ਅੱਡੇ ਨੇੜਿਓਂ ਅੱਜ ਬਾਰੂਦੀ ਸੁਰੰਗ (ਆਈਈਡੀ) ਮਿਲੀ ਹੈ। ਇਹ 7 ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ ਹੋਣ ਨਾਲ 2019 ’ਚ ਹੋਏ ਪੁਲਵਾਮਾ ਦਹਿਸ਼ਤੀ ਹਮਲੇ ਦੀ ਦੂੁਜੀ ਵਰ੍ਹੇਗੰਢ ਮੌਕੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਕੁੰਜਵਾਨੀ ਅਤੇ ਸਾਂਬਾ ਜ਼ਿਲ੍ਹੇ ਦੇ ਬੜੀ ਬ੍ਰਾਹਮਣ ਇਲਾਕੇ ’ਚ ਦੋ ਦਹਿਸ਼ਤਗਰਦਾਂ ਦੇ ਫੜੇ ਜਾਣ ਮਗਰੋਂ ਗੁਪਤ ਇਤਲਾਹ ਦੇ ਆਧਾਰ ’ਤੇ ਇਹ ਆਈਈਡੀ ਬਰਾਮਦ ਕੀਤੀ ਗਈ ਹੈ। ਜ਼ਿਕਰਯੋਗ ਹੈ ‘ਦਿ ਰਿਜ਼ਿਸਟੈਂਸ ਫਰੰਟ’ (ਟੀਆਰਐੱਫ) ਨਾਲ ਸਬੰਧਤ ਦਹਿਸ਼ਤਗਦ ਜ਼ਹੂਰ ਅਹਿਮਦ ਰਾਥੇਰ, ਜੋ ਕਿ ਦੱਖਣੀ ਕਸ਼ਮੀਰ ’ਚ ਪਿਛਲੇ ਸਾਲ ਮਾਰੇ ਗਏ ਇੱਕ ਭਾਜਪਾ ਆਗੂ ਦੇ ਕਤਲ ਦੇ ਸਬੰਧ ’ਚ ਲੋੜੀਂਦਾ ਸੀ, ਨੂੰ ਸ਼ਨਿਚਰਵਾਰ ਬੜੀ ਬ੍ਰਾਹਮਣ (ਜ਼ਿਲ੍ਹਾ ਸਾਂਬਾ) ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਜਦਕਿ ਇਸ ਤੋਂ ਪਹਿਲਾਂ 6 ਫਰਵਰੀ ਨੂੰ ਜੰਮੂ ਦੇ ਕੁੰਜਵਾਨੀ ਖੇਤਰ ’ਚੋਂ ਲਸ਼ਕਰ-ਏ-ਮੁਸਤਫ਼ਾ (ਐੱਲਈਐੱਮ) ਦੇ ਹਿਦਾਇਤਉਲ੍ਹਾ ਮਲਿਕ ਉਰਫ਼ ਹਸਨੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।