ਬੱਸਾਂ ‘ਤੇ 50 ਫੀਸਦੀ ਸਵਾਰੀਆਂ ਲਿਜਾਣ ਦੀ ਰੋਕ ਹਟਾਈ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇਲ ਕੀਮਤਾਂ ਵਿੱਚ ਵੱਡਾ ਵਾਧਾ ਹੋਣ ਕਰਕੇ ਜਨਤਕ ਆਵਾਜਾਈ ਦੀ ਬੇਵੱਸੀ ਕਾਰਨ ਮਿਨੀ ਬੱਸਾਂ ਸਮੇਤ ਸਾਰੀਆਂ ਬੱਸਾਂ ਵਿੱਚ ਸਵਾਰੀਆਂ ਲਿਜਾਣ ਦੀ ਸਮਰੱਥਾ ’ਤੇ ਲਾਈ ਰੋਕ ਹਟਾਉਣ ਦਾ ਐਲਾਨ ਕੀਤਾ ਹੈ। ਨਾਲ ਹੀ ਮੁੱਖ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਕਿ ਬੱਸਾਂ ਵਿੱਚ ਸਫ਼ਰ ਦੌਰਾਨ ਹਰੇਕ ਸਵਾਰੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਮੁੱਖ ਮੰਤਰੀ ਦੇ ਇਹ ਐਲਾਨ ਅੱਜ ਹਰਿਆਊ ਖੁਰਦ ਦੇ ਇਕ ਵਸਨੀਕ ਵੱਲੋਂ ਬੱਸਾਂ ਨਾ ਚੱਲਣ ਕਰਕੇ ਪਾਤੜਾਂ ਆਉਣ-ਜਾਣ ਵਿੱਚ ਦਰਪੇਸ਼ ਸਮੱਸਿਆਵਾਂ ਦੇ ਸਬੰਧ ਵਿੱਚ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ ਕੋਵਿਡ-19 ਦੇ ਸੰਕਟ ਕਾਰਨ 50 ਫ਼ੀਸਦੀ ਸਵਾਰੀਆਂ ਦੀ ਸਮਰੱਥਾ ਨਾਲ ਬੱਸਾਂ ਚਲਾਉਣ ਦੀ ਆਗਿਆ ਦਿੱਤੀ ਸੀ। ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਤਹਿਤ ਅੱਜ ਦੇ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਸ ਨਾਲ ਹੋਣ ਵਾਲੇ ਵਿੱਤੀ ਘਾਟੇ ਖਾਸ ਕਰਕੇ ਡੀਜ਼ਲ ਤੇ ਪੈਟਰੋਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਕਾਰਨ ਮਿਥੀ ਗਈ ਸਮਰੱਥਾ ਨਾਲ ਬੱਸਾਂ ਚਲਾਉਣ ਤੋਂ ਇਨਕਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਯਾਤਰੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸਫਰ ਦੌਰਾਨ ਮਾਸਕ ਪਹਿਨਣ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂਕਿ ਮਾਸਕ ਨਾਲ ਕੋਵਿਡ ਦਾ ਫੈਲਾਅ 70 ਫ਼ੀਸਦੀ ਤੱਕ ਘਟ ਸਕਦਾ ਹੈ।

Leave a Reply

Your email address will not be published. Required fields are marked *