ਮੈਂ ਇੰਦਰਾ ਗਾਂਧੀ ਨੂੰ ਸਮਝਾਇਆ ਸੀ ਕਿ ਸਿੱਖਾਂ ਕੋਲੋਂ ਮਾਫ਼ੀ ਮੰਗ ਲੈ, ਪਰ ਉਹ ਨਾ ਮੰਨੀ ਤੇ ਪਿਛੋਂ ਮਾਰੀ ਗਈ

ਜਦੋਂ ਦਿੱਲੀ ਮੈਨੂੰ ਕੇ.ਪੀ.ਐਸ. ਗਿੱਲ ਮਿਲਿਆ, ਤਾਂ ਮੈਂ ਕਿਹਾ, “ਕਿਉਂ ਸਰਦਾਰ ਜੀ! ਅੱਖਾਂ ਨੀਵੀਂਆਂ ਤੇ ਮੁੱਛਾਂ ਉੱਚੀਆਂ ਕਰੀਂ ਬੈਠੇ ਹੋ, ਜ਼ਰਾ ਅੱਖਾਂ ਤਾਂ ਮਿਲਾਉ, ਤਾਂ ਉਹ ਨੀਵੀਂ ਪਾ ਕੇ ਲੰਘ ਗਿਆ

ਨਵੀਂ ਦਿੱਲੀ (ਅਮਨਦੀਪ ਸਿੰਘ): ਕੌਮਾਂਤਰੀ ਪੱਧਰ ਤੇ ਪ੍ਰਸਿੱਧ ਪੰਜਾਬੀ ਸਾਹਿਤਕਾਰਾ ਅਜੀਤ ਕੌਰ ਨੇ ਕਿਹਾ ਹੈ ਕਿ ਜਦੋਂ ਦਰਬਾਰ ਸਾਹਿਬ ਤੇ ਫ਼ੌਜ ਚਾੜ੍ਹ ਕੇ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿਤਾ ਸੀ, ਉਸ ਪਿਛੋਂ ਉਨ੍ਹਾਂ ਦਿੱਲੀ ਵਿਚ ਇੰਦਰਾ ਗਾਂਧੀ ਨੂੰ ਸਮਝਾਇਆ ਸੀ ਕਿ ਉਹ ਦਰਬਾਰ ਸਾਹਿਬ ਜਾ ਕੇ, ਸਿੱਖ ਸੰਗਤ ਦੀ ਕਚਹਿਰੀ ਵਿਚ ਪੇਸ਼ ਹੋ ਕੇ, ਅਪਣੇ ਕੀਤੇ ਗੁਨਾਹ ਦੀ ਮਾਫ਼ੀ ਮੰਗ ਲਵੇ, ਨਹੀਂ ਤਾਂ ਸਿੱਖਾਂ ਦੇ ਰੋਸ ਦਾ ਤੈਨੂੰ ਨਹੀਂ ਪਤਾ, ਤੂੰ ਬੜਾ ਵੱਡਾ ਪੰਗਾ ਲੈ ਬੈਠੀ ਹੈ, ਪਰ ਉਹ ਨਾ ਮੰਨੀ ਤੇ ਉਹਨੇ ਇਹ ਪ੍ਰਚਾਰਨਾ ਸ਼ੁਰੂ ਕਰ ਦਿਤਾ ਕਿ ਜੇ ਉਹ ਮਰ ਵੀ ਗਈ ਤਾਂ ਉਸ ਦੇ ਖੂਨ ਦਾ ਇਕ ਇਕ ਕਤਰਾ ਦੇਸ਼ ਲਈ ਹੋਵੇਗਾ।

ਇਥੇ ਏਮਜ਼ ਹਸਪਤਾਲ ਤੋਂ ਤਕਰੀਬਨ 5 ਕਿਲੋਮੀਟਰ ਦੂਰ , ਅਪਣੀ ਰਿਹਾਇਸ਼ ਤੇ ਅਕੈਡਮੀ ਆਫ਼ ਫਾਈਨ ਆਰਟਸ ਐਂਡ ਲਿਟਰੇਚਰ ਵਿਖੇ ਬੀਤੇ ਦਿਨੀਂ ਪੰਜਾਬੀ ਵਿਦਿਆਰਥੀਆਂ ਤੇ ਖੋਜਾਰਥੀਆਂ ਦੇ ਰੂ-ਬ-ਰੂ ਹੁੰਦੇ ਹੋਏ 85 ਸਾਲਾ ਕਹਾਣੀਕਾਰਾ ਅਜੀਤ ਕੌਰ ਨੇ ’47 ਦੀ ਵੰਡ ਤੋਂ ਲੈ ਕੇ ’84 ਦੇ ਦੌਰ , ਫਿਰ ਕੇਪੀਐਸ ਗਿੱਲ ਦੀ ਵਿਰੋਧਤਾ ਕਰਨ, ਫ਼ਾਉਂਡੇਸ਼ਨ ਆਫ਼ ਸਾਰਕ ਰਾਈਟਰਜ਼ ਐਂਡ ਲਿਟਰੇਚਰ ਕਾਇਮ ਕਰਨ ਤੇ ਹੁਣ ਤਕ ਦੀਆਂ ਅਪਣੀਆਂ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਯਾਦਾਂ ਸਾਂਝੀਆਂ ਕੀਤੀਆਂ। ਅਦਾਰਾ ‘ਸੁਖ਼ਨਲੋਕ’ ਦੇ ਸੱਦੇ ‘ਤੇ ਹੋਏ ਸਮਾਗਮ ਵਿਚ ਅਦਾਰੇ ਦੇ ਮੋਢੀ ਤੇ ਦਿੱਲੀ ਯੂਨੀਵਰਸਟੀ ਦੇ ਪੰਜਾਬੀ ਮਹਿਕਮੇ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਕੁਲਵੀਰ ਗੋਜਰਾ ਤੇ ਹੋਰ ਪ੍ਰੋਫ਼ੈਸਰਾਂ ਡਾ ਰਵੇਲ ਸਿੰਘ, ਡਾ. ਬਲਜਿੰਦਰ ਨਸਰਾਲੀ, ਡਾ. ਰਵਿੰਦਰ ਰਵੀ, ਡਾ.ਯਾਦਵਿੰਦਰ ਸਿੰਘ, ਡਾ. ਰਜਨੀ ਬਾਲਾ ਤੇ ਡਾ.ਨਛੱਤਰ ਸਿੰਘ ਨੇ ਸਾਂਝੇ ਤੌਰ ਤੇ ਅਜੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ, ਜੀ ਆਇਆਂ ਆਖਿਆ ਤੇ ਉਨ੍ਹਾਂ ਦੀ ਸਾਹਿਤਕ ਘਾਲਣਾ ਬਾਰੇ ਦਸਿਆ।

ਇਸ ਮੌਕੇ ਬੀਬੀ ਅਜੀਤ ਕੌਰ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਆਪਣੀ ਨੇੜਤਾ ਤੇ ’84 ਦੇ ਦਰਬਾਰ ਸਾਹਿਬ ਹਮਲੇ ਦਾ ਹਵਾਲਾ ਦੇ ਕੇ ਕਿਹਾ, “ਭਾਵੇਂ ਹਰ 15 ਦਿਨ ਬਾਅਦ ਮੈਂ ਇੰਦਰਾ ਨਾਲ ਰੋਟੀ ਖਾਂਦੀ ਸੀ, ਪਰ ਮੈਂ ਕਦੇ ਉਸ ਨਾਲ ਫੋਟੋ ਨਹੀਂ ਸੀ ਖਿਚਵਾਈ, ਕਿਉਂਕਿ ਮੈਨੂੰ ਵੱਡੇ ਬੰਦਿਆਂ ਨਾਲ ਫੋਟੋ ਖਿਚਵਾਉਣੀ ਪਸੰਦ ਨਹੀਂ ਸੀ। ਉਦੋਂ ਇੰਦਰਾ ਨੇ ਭਾਰਤੀ ਔਰਤਾਂ ਬਾਰੇ ਮੇਰੇ ਕੋਲੋਂ ਡਾਇਰੈਕਟਰੀ ਆਫ਼ ਇੰਡੀਅਨ ਵੂਮੈਨਜ਼ ਤਿਆਰ ਕਰਵਾਈ ਸੀ। ਫਿਰ ਜਦ ਦਰਬਾਰ ਸਾਹਿਬ ਤੇ ਉਸ ਵਲੋਂ ਫ਼ੌਜ ਚੜਾਈ ਗਈ ਤਾਂ ਪਿਛੋਂ ਉਸ ਨੇ ਕੁੱਝ ਬੰਦਿਆਂ ਨੂੰ ਸੱਦਿਆ, ਉਨ੍ਹਾਂ ਵਿਚ ਮੈਂ ਵੀ ਸਾਂ। ਉਦੋਂ ਮੈਂ ਉਸ ਨੂੰ ਸਲਾਹ ਦਿਤੀ ਸੀ ਕਿ ਸਿੱਖਾਂ ਵਿਚ ਬੜਾ ਰੋਸ ਹੈ, ਸਿਰ ਤੇ ਚੁੰਨੀ ਲੈ ਕੇ, ਦਰਬਾਰ ਸਾਹਿਬ ਜਾ ਤੇ ਸਿੱਖਾਂ ਕੋਲੋਂ ਅਪਣੇ ਕੀਤੇ ਦਾ ਪਛਤਾਵਾ ਕਰ ਲੈ। ਉਹ ਤੈਨੂੰ ਮਾਫ਼ ਕਰ ਦੇਣਗੇ, ਪਰ ਉਹ ਨਾ ਮੰਨੀ ਤੇ ਉਸ ਨੂੰ ਅਹਿਸਾਸ ਹੋ ਚੁਕਾ ਸੀ ਕਿ ਉਹ ਗ਼ਲਤ ਕੰਮ ਕਰ ਬੈਠੀ ਹੈ। ਫਿਰ ਉਸ ਨੇ ਇਹ ਪ੍ਰਚਾਰ ਭਾਰੂ ਕਰ ਦਿਤਾ ਕਿ ਉਸ ਦੀ ਜਾਨ ਦੇਸ਼ ਲਈ ਜਾਵੇਗੀ।

16 ਨਵੰਬਰ 1934 ਨੂੰ ਲਾਹੌਰ ਵਿਖੇ ਪੈਦਾ ਹੋਈ ਤੇ ਆਪਣੀ ਸਵੈ-ਜੀਵਨੀ ‘ਖ਼ਾਨਾਬਦੋਸ਼’ ‘ਕੂੜਾ ਕਬਾੜਾ’ ਤੇ ਹੋਰ ਲਿਖਤਾਂ ਕਰ ਕੇ ਪ੍ਰਸਿੱਧ ਹੋਈ ਅਜੀਤ ਕੌਰ, ਜਿਨ੍ਹਾਂ 1984 ਵਿਚ ‘ਲੱਹੂ ਦੇ ਚੁਬੱਚੇ ਵਰਗੀ ਅਸਲੀਅਤ ਨਾਲ ਪ੍ਰਣਾਈ ਲੰਮੀ ਕਹਾਣੀ/ਲੇਖ ਲਿਖ ਕੇ, ਸੱਤਾ ਨੂੰ ਲਾਹਨਤਾਂ ਪਾਈਆਂ ਸਨ, ਨੇ ਇਹ ਵੀ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣੀ ਧੀ ਤੇ ਮਸ਼ਹੂਰ ਚਿੱਤਰਕਾਰ ਅਰਪਨਾ ਕੌਰ ਨਾਲ ਨਵੰਬਰ ’84 ਵਿਚ ਇਸ ਕਤਲੇਆਮ ਦੇ ਪੀੜਤਾਂ ਨੂੰ ਠੰਢ ਵਿਚ ਕੰਬਲ ਤੇ ਹੋਰ ਦਵਾ ਆਦਿ ਵੰਡ ਕੇ, ਦੁੱਖ ਵੰਡਾਉਂਦੇ ਸਨ ਤੇ ਉਨ੍ਹਾਂ ਪ੍ਰਸਿੱਧ ਮਰਹੂਮ ਸਾਹਿਤਕਾਰ ਖ਼ੁਸ਼ਵੰਤ ਸਿੰਘ ਨੂੰ ਰਾਤ 12 ਵਜੇ ਨੀਂਦ ਵਿਚੋਂ ਜਾ ਉਠਾਇਆ ਸੀ ਤਾਕਿ 84 ਦੇ ਝੰਬੇ ਸਿੱਖਾਂ ਦੀ ਮੱਦਦ ਦਾ ਰਾਹ ਕਢਿਆ ਜਾ ਸਕੇ।

ਇਸ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਕਿ ਕੀ ਪੰਜਾਬੀ ਲਿਖਾਰੀ ਸੱਤਾ ਨਾਲ ਇਕਮਿਕ ਹੋ ਕੇ ਤੁਰਦੇ ਹਨ ਤੇ ਛੇਤੀ ਕੀਤੇ ਸੱਤਾ ਦੇ ਗ਼ਲਤ ਫ਼ੈਸਲਿਆਂ ਦਾ ਵਿਰੋਧ ਕਿਉਂ ਨਹੀਂ ਕਰਦੇ, ਜਿਵੇਂ ਅੱਜਕਲ੍ਹ ਹੋਰ ਇਤਿਹਾਸਕਾਰ ਤੇ ਲਿਖਾਰੀ ਵਿਰੋਧ (ਨਾਗਰਕਿਤਾ ਸੋਧ ਕਾਨੂੰਨ ਦਾ) ਕਰ ਰਹੇ ਹਨ, ਤਾਂ ਝੱਟ ਉਨ੍ਹਾਂ ਨਿਹੋਰਾ ਮਾਰਿਆ, ਮੈਂ ਨਹੀਂ ਬਲੀ? (ਮਤਬਲ ਬੋਲੀ ਹਾਂ, ਇੰਦਰਾ ਗਾਂਧੀ ਦੀ ਐਮਰਜੈਂਸੀ, 84 ਅਤੇ ਕੇਪੀਐਸ ਗਿੱਲ ਵਿਰੁਧ), ਜਿਹੜੇ ਨਹੀਂ ਬੋਲਦੇ, ਨਹੀਂ ਬੋਲਦੇ।

ਡਾ. ਨਸਰਾਲੀ ਵਲੋਂ ਯਾਦ ਕਰਵਾਉਣ ਤੇ ਉਨ੍ਹਾਂ ਚੰਡੀਗੜ੍ਹ ਵਿਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕਪੀਐਸ ਗਿੱਲ ਦੀ ਪ੍ਰਧਾਨਗੀ ਵਾਲੇ ਇਕ ਸਮਾਗਮ ਜਿਸ ਵਿਚ ਅਜੀਤ ਕੌਰ ਨੇ ਵੀ ਬੋਲਣਾ ਸੀ, ਪਰ ਗਿੱਲ ਕਰ ਕੇ, ਉਹ ਉਸ ਸਮਾਗਮ ਦਾ ਬਾਈਕਾਟ ਕਰ ਗਏ ਸਨ, ਬਾਰੇ ਉਨ੍ਹਾਂ ਦਸਿਆ, “ਮੈਂ ਉਹਨੂੰ (ਕੇਪੀਐਸ ਗਿੱਲ) ਕਿਹਾ, “ਉਸ ਕਾ ਸ਼ਹਿਰ, ਵਹੀ ਮੁਦਈ, ਵਹੀ ਮੁਨਸਿਫ , ਹਮੇਂ ਪਤਾ ਥਾਂ ਹਮਾਰਾ ਹੀ ਕਸੂਰ ਨਿਕਲੇਗਾ। ਤੂੰ ਤਾਂ ਕਸੂਰ ਕੱਢ ਕੇ ਬੰਦੇ ਹੀ ਮਾਰਨੇ ਨੇ, ਹੋਰ ਕੁੱਝ ਨਹੀਂ ਕਰਨਾ। ਉਸ ਨੇ (ਵਿਰੋਧ ਪਿਛੋਂ) ਮੈਨੂੰ ਕਿਹਾ, ਤੁਸੀਂ ਜੋ ਕਰਨਾ ਸੀ ਕਰ ਲਿਆ, ਹੁਣ ਅਸੀਂ ਕਰਾਂਗੇ। ਫਿਰ ਪਿਛੋਂ ਉਨ੍ਹਾਂ ਖਾਲੜਾ (25 ਹਜ਼ਾਰ ਅਣਪਛਾਤੀਆਂ ਲਾਸ਼ਾਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ) ਨੂੰ ਮਾਰ ਮੁਕਾ ਦਿਤਾ। ਜਦੋਂ ਇਸ ਪੱਤਰਕਾਰ ਨੇ ਪੁਛਿਆ, ਕੀ ਫਿਰ ਕਦੇ ਗਿੱਲ ਨਾਲ ਤੁਹਾਡੀ ਕੋਈ ਮੁਲਾਕਾਤ ਹੋਈ, ਤਾਂ ਅਜੀਤ ਕੌਰ ਨੇ ਕਿਹਾ, “ਹਾਂ, ਫਿਰ ਉਹ (ਕੇਪੀਐਸ ਗਿੱਲ) ਮੈਨੂੰ ਇਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਅੱਖਾਂ ਨੀਵੀਂ ਪਾਈ ਤੇ ਮੁੱਛਾ ਉੱਚੀਆਂ ਕਰੀ ਮਿਲਿਆ। ਮੈਂ ਕਿਹਾ, “ਸਰਦਾਰ ਜੀ। ਅੱਖਾਂ ਨੀਵੀਆਂ, ਮੁੱਛਾਂ ਉਚੀਆਂ। ਅੱਖਾਂ ਤਾਂ ਉਚੀਆਂ ਕਰ ਕੇ ਮਿਲਾਉ। ਗੱਲ ਤੇ ਕਰੋ। ਫਿਰ ਉਹ ਅੱਗੇ ਲੰਘ ਗਿਆ।

ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਤੇ ਪੰਜਾਬੀ ਪ੍ਰੋ. ਡਾ. ਰਵੇਲ ਸਿੰਘ ਨੇ ‘ਲਹੂ ਦੇ ਚੁਬੱਚੇ’ ਦਾ ਹਵਾਲਾ ਦੇ ਕੇ, ਅਜੀਤ ਕੌਰ ਨੂੰ ਵਡਿਆਇਆ ਤੇ ਕਿਹਾ, “ਉਦੋਂ ਨਵੰਬਰ 84 ਵਿਚ ਮੈਂ ਵੀ ਆਪਣੇ ਘਰ ਸਿਰ ਲੁਕਾ ਕੇ, ਬੈਠਾ ਹੋਇਆ ਸੀ, ਕੋਈ ਨਹੀਂ ਸੀ ਬਹੜਿਆ। ਉਦੋਂ ਇਕੋ ਇਕ ਅਜੀਤ ਕੌਰ ਹੀ ਸੀ, ਜੋ ਅਪਣੀ ਧੀ ਅਰਪਨਾ ਨਾਲ ਮੈਨੂੰ ਰੋਜ਼ ਡਬਲ ਰੋਟੀ ਤੇ ਅੱਧਾ ਕਿਲੋ ਦੁੱਧ ਦੇ ਕੇ , ਮੇਰੀ ਸੁਖ ਸਾਂਦ ਪੁਛ ਕੇ ਜਾਂਦੇ ਸਨ। ਬੀਬੀ ਅਜੀਤ ਕੌਰ ਨੇ ਵਿਦਿਆਰਥੀਆਂ ਨੂੰ ਅਪਣੇ ਪਿਤਾ ਤੇ ਨਾਨਾ ਦੀਆਂ ਫਰੇਮ ਜੜੀਆਂ ਫੋਟੋਆਂ ਵੀ ਵਿਖਾਈਆਂ ਤੇ ਆਪਣੀਆਂ ਕਿਤਾਬਾਂ ਤੋਹਫ਼ੇ ਵਜੋਂ ਦੇ ਕੇ, ਉਨ੍ਹਾਂ ਨੂੰ ਦੁਲਾਰਿਆ। ਅਖ਼ੀਰ ਸਾਰਿਆਂ ਨੇ ਆਰਟ ਗੈਲਰੀ ਵਿਚ ਅਰਪਨਾ ਕੌਰ ਦੀਆਂ ਹੀਰੋਸ਼ਿਮਾ ਤੇ ਨਾਗਾਸਾਕੀ ‘ਤੇ ਹੋਏ ਅਮਰੀਕੀ ਹਮਲੇ ਬਾਰੇ ਤੇ ਹੋਰ ਚਿੱਤਰਕਾਰੀ ਵੇਖੀ।

Leave a Reply

Your email address will not be published. Required fields are marked *