ਵੈਨਕੂਵਰ: ਗੈਂਗਵਾਰ ’ਚ ਤਿੰਨ ਪੰਜਾਬੀ ਹਲਾਕ

ਵੈਨਕੂਵਰ : ਕੈਨੇਡਾ ਦੇ ਵੈਨਕੂਵਰ ਖੇਤਰ ਵਿੱਚ ਕਈ ਮਹੀਨਿਆਂ ਦੀ ਸ਼ਾਂਤੀ ਮਗਰੋਂ ਹੋਈ ਗੈਂਗਵਾਰ ’ਚ 15 ਦਿਨਾਂ ਵਿੱਚ ਚਾਰ ਨੌਜਵਾਨ ਮਾਰੇ ਗਏ ਹਨ, ਜਿਨ੍ਹਾਂ ਵਿੱਚ ਤਿੰਨ ਪੰਜਾਬੀ ਹਨ। ਪੁਲੀਸ ਅਨੁਸਾਰ ਚਾਰ ਨੌਜਵਾਨਾਂ ਦ‍ਾ ਅਪਰਾਧਕ ਰਿਕਾਰਡ ਹੈ।

ਬੀਤੀ ਰਾਤ ਰਿਚਮੰਡ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਦਿਲਰਾਜ ਜੌਹਲ ਵਜੋਂ ਹੋਈ ਹੈ। ਕੁਝ ਦਿਨ ਪਹਿਲਾਂ ਗੈਰੀ ਕੰਗ ਤੇ ਢੇਸੀ ਨਾਂ ਦੇ ਦੋ ਨੌਜਵਾਨਾਂ ਨੂੰ ਸਰੀ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਤਿੰਨ ਦਿਨ ਪਹਿਲਾਂ ਰਿਚਮੰਡ ਵਿੱਚ ਅਨੀਸ ਅਹਿਮਦ ਨੂੰ ਮਾਰ ਦਿੱਤਾ ਗਿਆ ਸੀ। ਇਹ ਸਾਰੇ ਨੌਜਵਾਨ 20-25 ਸਾਲਾਂ ਦੇ ਹਨ। ਪੁਲੀਸ ਅਨੁਸਾਰ ਇਹ ਨੌਜਵਾਨ ਗੈਂਗਵਾਰ ’ਚ ਮਾਰੇ ਗਏ ਜਦਕਿ ਸਰੀ ਵਿੱਚ ਮਾਰੇ ਗਏ 14 ਸਾਲਾ ਚੀਨੀ ਮੂਲ ਦੇ ਲੜਕੇ ਦੇ ਕਤਲ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।

ਗੈਂਗਵਾਰ ਤੇ ਸਮੂਹਿਕ ਹਿੰਸਾ ਨਾਲ ਨਜਿੱਠਣ ਵਾਲੇ ਪੁਲੀਸ ਦਲ ਦੇ ਸਹਾਇਕ ਕਮਿਸ਼ਨਰ ਮਾਈਕਲ ਲੀਸੇਜ ਨੇ ਕਤਲਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਥਾਨਕ ਲੋਕਾਂ ’ਚ ਘਬਰਾਹਟ ਤੇ ਦਹਿਸ਼ਤ ਫੈਲਾਉਂਦੀਆਂ ਹਨ, ਜਿਸ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੇ ਨਾਲ-ਨਾਲ ਲੋਕ ਸਹਿਯੋਗ ਤੇ ਸਾਧਨਾਂ ਦੀ ਲੋੜ ਹੈ।

ਲੋਕਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇੱਥੇ ਗੈਂਗਵਾਰ ਆਮ ਕਰਕੇ ਨਸ਼ਾ ਸਪਲਾਈ ਦੇ ਖੇਤਰ ਦੀ ਵੰਡ ਸਬੰਧੀ ਹੁੰਦੀ ਹੈ। 

Leave a Reply

Your email address will not be published. Required fields are marked *