ਸਰਕਾਰ ਦੀ ਨੀਅਤ ਤੇ ਨੀਤੀ ਖੋਟੀ

ਨਵੀਂ ਦਿੱਲੀ : ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਰ ਛੋਟੂ ਰਾਮ ਦੀ ਬਰਸੀ ਮੌਕੇ ਅੱਜ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਨੀਅਤ ਤੇ ਨੀਤੀ ਨੂੰ ਖੋਟੀ ਕਰਾਰ ਦਿੰਦਿਆਂ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਸਾਨਾਂ ਨੂੰ ਮੋਰਚੇ ਨਾਲ ਜੁੜੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ 13 ਜਨਵਰੀ ਨੂੰ ਲੋਹੜੀ ਮੌਕੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ‘ਭੁੁੱਗੇ’ ਦੇ ਰੂਪ ਵਿੱਚ ਸਾੜਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਰਕਾਰੀ ਏਜੰਸੀਆਂ ਨੇ ਆਪਣੇ ਲੋਕ ਸਰਗਰਮ ਕਰ ਦਿੱਤੇ ਹਨ ਅਤੇ ਆਰਐੱਸਐੱਸ ਦੇ ਲੋਕਾਂ ਨੂੰ ਕਿਸਾਨ ਹੀ ਬੇਨਕਾਬ ਕਰ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅੰਬਾਨੀ, ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਪੱਖੀ ਇਹ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਘਬਰਾ ਚੁੱਕੀ ਹੈ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਭਾਜਪਾ ਦੇ ਆਗੂ ਖਾਸ ਕਰਕੇ ਸੁਰਜੀਤ ਜਿਆਣੀ ਤੇ ਹਰਜੀਤ ਸਿੰਘ ਗਰੇਵਾਲ ਵੱਲੋਂ ਕਿਸਾਨ ਆਗੂਆਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ। ਜਗਮੋਹਨ ਸਿੰਘ ਨੇ ਕਿਹਾ ਕਿ ਅੱਜ ਸਿੰਘੂ ਬਾਰਡਰ ’ਤੇ ਮੌਜੂਦ ਸਾਰੇ ਪ੍ਰਮੁੱਖ ਕਿਸਾਨ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ ਤੇ ਪ੍ਰਤੀਬੱਧਤਾ ਦੁਹਰਾਈ ਕਿ ਇਹ ਸੰਘਰਸ਼ ਕਾਨੂੰਨ ਰੱਦ ਨਾ ਹੋਣ ਤੱਕ ਜਾਰੀ ਰਹੇਗਾ। ਕਿਸਾਨਾਂ ਦੇ ਮਸੀਹਾ ਸਰ ਛੋਟੂਰਾਮ ਨੂੰ ਵੀ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ ਗਈ ਤੇ ਕਿਸਾਨਾਂ ਨੇ ਆਖਰੀ ਸਾਹ ਤੱਕ ਲੜਨ ਦੀ ਸਹੁੰ ਚੁੱਕੀ। ਨਰਮਦਾ ਖੇਤਰ, ਸਦੀ, ਸੀਤਾਪੁਰ, ਉਨਾਓ, ਬਨਾਰਸ, ਪੱਛਮੀ ਬੰਗਾਲ ਦੇ ਕਿਸਾਨ ਅਤੇ ਮਜ਼ਦੂਰ ਇਸ ਅੰਦੋਲਨ ’ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ।
ਹਰਜੀਤ ਰਵੀ ਅਨੁਸਾਰ ਦੇਸ਼ ਭਰ ਦੀਆਂ ਵੱਖ ਵੱਖ ਥਾਵਾਂ ’ਤੇ ਕਿਸਾਨ ਜਾਗ੍ਰਿਤੀ ਪੰਦਰਵਾੜੇ ਤਹਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਕੋਲਕਾਤਾ ’ਚ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਗਿਆ ਹੈ। ਬਿਹਾਰ ’ਚ ਅਣਮਿੱਥੇ ਸਮੇਂ ਲਈ ਹੜਤਾਲਾਂ ਜਾਰੀ ਹਨ ਤੇ ਕਿਸਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਭਾਜਪਾ ਆਗੂ ਕਿਸਾਨਾਂ ਲਈ ਮੰਦੀ ਭਾਸ਼ਾ ਵਰਤ ਰਹੇ ਹਨ ਤੇ ਉਨ੍ਹਾਂ ’ਤੇ ਬੇਬੁਨਿਆਦ ਦੋਸ਼ ਲਗਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਗਾਜ਼ੀਪੁਰ ਸਰਹੱਦ ’ਤੇ ਕਿਸਾਨਾਂ ਨੇ 26 ਜਨਵਰੀ ਦੀ ‘ਕਿਸਾਨ ਪਰੇਡ’ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਹਰ ਪ੍ਰਭਾਵਸ਼ਾਲੀ ਵਿਅਕਤੀ ਜਿਸ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈ, ਨੂੰ ਸਰਕਾਰਾਂ ਦੀਆਂ ਏਜੰਸੀ ਨਿਸ਼ਾਨਾ ਬਣਾ ਰਹੀਆਂ ਹਨ। ਹਾਲ ਹੀ ਵਿੱਚ ਇੱਕ ਪੰਜਾਬੀ ਕਲਾਕਾਰ ਅਤੇ ਕਿਸਾਨ ਐਂਥਮ ਦੇ ਲੇਖਕ ਸ੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।