ਸਾਫ-ਸੁਥਰੀਆਂ ਬਹੁ-ਕਲਾਵਾਂ ਦਾ ਠਾਠਾਂ ਮਾਰਦਾ ਦਰਿਆ : ਸੋਹਣ ਆਦੋਆਣਾ
ਸਾਹਿਤ ਤਾਂ ਸਾਫ ਸੁਥਰਾ ਹੀ ਹੋਣਾ ਚਾਹੀਦਾ ਹੈ ਜੋ ਸਾਡੀ ਅਗਲੇਰੀ ਪੀੜੀ ਨੂੰ ਵੀ ਸੇਧ ਦੇ ਸਕੇ। ਸਾਨੂੰ ਸਸਤੀ ਸ਼ੁਹਰਤ ਤੋਂ ਉਪਰ ਉਠਕੇ ਸਾਹਿਤ ਤੇ ਸਮਾਜ ਪ੍ਰਤੀ ਸੋਚਣਾ ਚਾਹੀਦਾ ਹੈ, ਨਾ ਕਿ ਸਸਤੀਆਂ ਸ਼ੁਹਰਤਾਂ ਬਦਲੇ ਵੱਡਮੁੱਲੇ ਵਿਰਸੇ ਦੇ ਜੜਾਂ ’ਚ ਦਾਤਰੀ ਫੇਰਨੀ ਚਾਹੀਦੀ ਹੈ ’’ ਵਰਗੇ ਅਣਮੁੱਲੇ ਵਿਚਾਰ ਜਿਹਨ ’ਚ ਸਮੋ ਕੇ ਸਾਫ-ਸੁਥਰੀ, ਨਰੋਈ ਤੇ ਮਿਆਰੀ ਕਲਮ ਹੱਥ ’ਚ ਫੜਕੇ ਅਤੇ ਅਦਾਕਾਰੀ ਦੁਆਰਾ ਗਲੀ ਗਲੀ ਹੋਕਾ ਦੇ ਰਹੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ-ਸੁੱਚੇ ਸਪੂਤਾਂ ਵਿਚੋਂ ਮਾਣ-ਮੱਤਾ ਇਕ ਨਾਂ ਹੈ, ਸੋਹਣ ਆਦੋਆਣਾ। ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਆਦੋਆਣਾ ਦਾ ਜੰਮਪਲ, ਚੌਧਰੀ ਸ਼ਾਂਤੀ ਲਾਲ ਪਿਤਾ ਅਤੇ ਸ੍ਰੀਮਤੀ ਨਸੀਬੋ ਦੇਵੀ ਮਾਤਾ ਦਾ ਲਾਡਲਾ ਸੋਹਣ ਹੁਣ ਤੱਕ, ‘‘ਰਹਿਬਰ” ਤੇ ‘‘ਕੜਵੇ ਬੋਲ” ਮੌਲਿਕ ਪੁਸਤਕਾਂ ਸਾਹਿਤ ਦੀ ਝੋਲੀ ਪਾਉਣ ਦੇ ਨਾਲ-ਨਾਲ ਸਾਂਝੇ ਕਾਵਿ- ਸੰਗ੍ਰਹਿ, ‘‘ਕਾਰਵਾਂ” ਅਤੇ ‘‘ਸਿਰਜਣਹਾਰੇ” ਵਿਚ ਵੀ ਹਾਜ਼ਰੀ ਲਗਵਾ ਚੁੱਚਾ ਹੈ ਜਦਕਿ ਉਸ ਦੀ ਅਗਲੀ ਮੌਲਿਕ ਪੁਸਤਕ,‘‘ਅਸੀਂ ਕਦੋਂ ਪਰਤਾਂਗੇ” ਛਪਾਈ ਅਧੀਨ ਹੈ।
ਇਕ ਮੁਲਾਕਾਤ ਦੌਰਾਨ ਸੋਹਣ ਨੇ ਦੱਸਿਆ ਕਿ ਦਸਵੀਂ ਤੱਕ ਦੀ ਪੜਾਈ ਉਸ ਨੇ ਪਿੰਡ ਤੋਂ ਹੀ ਕੀਤੀ। ਉਪਰੰਤ ਗੀਤਕਾਰੀ, ਐਕਟਿੰਗ ਅਤੇ ਐਂਕਰਿੰਗ ਦਾ ਜਾਨੂੰਨ ਉਸ ਦੇ ਸਿਰ ਭਾਰੂ ਹੋ ਗਿਆ ਤਾਂ ਉਹ ਇਹ ਸ਼ੌਂਕ ਪਾਲਣ ਵੱਲ ਨੂੰ ਤੁਰ ਪਿਆ। ਸੁਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲੇ ਨੂੰ ਗੀਤਕਾਰੀ ਲਈ ਆਪਣਾ ਪ੍ਰੇਰਨਾ ਸਰੋਤ ਦੱਸਣ ਵਾਲੇ ਸੋਹਣ ਦੇ ਗੀਤਾਂ ਨੂੰ ਜਿਨਾਂ ਕਲਾਕਾਰਾਂ ਨੇ ਰਿਕਾਰਡਿੰਗ ਦਾ ਜਾਮਾ ਪਹਿਨਾ ਕੇ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਕੀਤਾ, ਊਨਾਂ ਵਿਚ ਗਾਇਕ ਬੰਸੀ ਬਰਨਾਲਾ, ਬਾਈ ਹਰਨੇਕ, ਸ਼ਮਸ਼ੇਰ ਸ਼ੰਮੂ, ਮਾਨ ਮਸਤਾਨਾ, ਗੀਤ ਗੁਰਜੀਤ, ਕੇਸ਼ੀ ਸੰਢਰੇਵਾਲ, ਕਲੇਰ ਕੁਲਵੰਤ, ਦਿਲਦਾਰ ਪੀਤ, ਪਿੰਕਾ ਭਾਣੇਵਾਲ਼, ਅਵਤਾਰ ਮੁਸਾਫਿਰ ਅਤੇ ਬਿੰਦਰ ਕਾਹਨੇਵਾਲ਼ ਆਦਿ ਵਿਸ਼ੇਸ਼ ਵਰਣਨ ਯੋਗ ਨਾਂ ਹਨ।. . . .ਅਦਾਕਾਰੀ ਖੇਤਰ ਵਿਚ ਰੋਲ ਨਿਭਾਉਂਦਿਆਂ ਅਨੇਕਾਂ ਨਾਟਕਾਂ ਦੇ ਨਾਲ-ਨਾਲ, ‘ਤਾਊ ਬੋਲੇ ਕੁਫਰ ਤੋਲੇ” ਤੇ ‘ਆਵਾ ਊਤ ਗਿਆ” (ਕਮੇਡੀ ਐਲਬੰਮ), ਅਤੇ ‘ਪਰਚਾ” (ਲਘੂ ਫਿਲਮ), ਆਦਿ ਵਿਚ ਸੋਹਣ ਦੀ ਕੀਤੀ ਅਦਾਕਾਰੀ ਮੂੰਹ ਚੜ ਬੋਲਦੀ ਹੈ। ਉਸਦੀ ਕਲਾ ਦੀ ਇੱਥੇ ਹੀ ਬਸ ਨਹੀ, ਪਿੰਡਾਂ ਦੇ ਕਬੱਡੀ ਕੱਪਾਂ, ਸਿੰਝ ਮੇਲਿਆਂ ਅਤੇ ਸੱਭਿਆਚਾਰਕ ਮੇਲਿਆਂ ਵਿਚ ਸੋਹਣ ਦੀ ਐਂਕਰਿੰਗ ਕਲਾ ਦਾ ਵੀ ਸੁਹਣਾ ਸਿੱਕਾ ਚੱਲਦਾ ਹੈ।
ਬਾਬਾ ਫਰੀਦ ਲਿਖਾਰੀ ਸਭਾ, ਕਾਠਗੜ ਦੇ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸੋਹਣ ਦੇ ਹਾਸਲ ਕੀਤੇ ਮਾਨ-ਸਨਮਾਨਾਂ ਵੱਲ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਉਸ ਦੀਆਂ ਵੱਡਮੁੱਲੀਆਂ ਸਾਹਿਤਕ ਤੇ ਸੱਭਿਆਚਾਰਕ ਸੇਵਾਵਾਂ ਨੂੰ ਸਲਾਮ ਕਰਦਿਆਂ ਸੈਂਕੜੇ ਸਟੇਜਾਂ ਤੋਂ ਉਸਨੂੰ ਅੱਡ ਅੱਡ ਅਦਾਰੇ ਸਨਮਾਨਿਤ ਕਰ ਚੁੱਕੇ ਹਨ, ਜਿਨਾਂ ਵਿਚੋਂ ‘ਅਖਿਲ ਭਾਰਤੀ ਵੀਰ ਗੁੱਜਰ ਮਹਾਂ ਸਭਾ” ਵੱਲੋਂ ਮਿਲੇ ‘ਵੀਰ ਗੁੱਜਰ ਰਤਨ” ਤੋਂ ਇਲਾਵਾ ਭਾਈ ਕਾਨ ਸਿੰਘ ਨਾਭਾ ਲਿਖਾਰੀ ਸਭਾ, ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ, ਉਪ ਮੈਜਿੱਸਟਰੇਟ ਬਲਾਚੌਰ ਵੱਲੋਂ (15 ਅਗਸਤ ਤੇ), ਸ਼ੰਕਰ ਦਾਸ ਮੈਮੋਰੀਅਲ ਕਲੱਬ ਨਵਾਂ ਪਿੰਡ ਟੱਪਰੀਆਂ ਵੱਲੋਂ ਸੋਨੇ ਦੀ ਮੁੰਦਰੀ ਅਤੇ ਮਾਲੇਵਾਲ ਸਪਰੋਟਸ ਕਲੱਬ ਵੱਲੋਂ ਵੀ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤੇ ਜਾਣ ਨੂੰ ਉਹ ਨਿਵੇਕਲੇ ਸਨਮਾਨ ਮੰਨਦਾ ਹੈ।
ਆਪਣੀ ਜਨਮ-ਦਾਤੀ ਮਾਤਾ ਜੀ, ਧਰਮ-ਪਤਨੀ ਸੰਤੋਸ਼ ਅਤੇ ਬੇਟੀ ਸਿਮਰਨ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਰਹੇ ਸੋਹਣ ਆਦੋਆਣਾ ਦੀਆਂ ਸਿਰਮੌਰ ਕਲਾਵਾਂ ਅਤੇ ਉਸ ਦੀ ਨਿਰਮਲ ਸੋਚ ਨੂੰ ਸਿਰ ਝੁਕਾਕੇ ਸਿਜ਼ਦਾ ਕਰਦਿਆਂ ਓਸ ਪ੍ਰਵਰਦਗਾਰ ਤੋਂ ਉਸ ਦੀ ਲੰਬੀ ਉਮਰ ਦੀਆਂ ਦੁਆਵਾਂ ਮੰਗਦਾ ਹਾਂ। ਰੱਬ ਕਰੇ ! ਬਹੁ-ਕਲਾਵਾਂ ਦਾ ਠਾਠਾਂ ਮਾਰਦਾ ਇਹ ਦਰਿਆ ਇਵੇਂ ਹੀ ਵਗਦਾ ਸੀਨਿਆਂ ਨੂੰ ਠੰਡੇ ਠਾਰ ਕਰਦਾ, ਰੁਸ਼ਨਾਈਆਂ ਵੰਡਦਾ, ਸ਼ੋਹਰਤ ਦੇ ਹੋਰ ਵੀ ਉਚੇਰੇ ਅੰਬਰਾਂ ਨੂੰ ਜਾ ਛੂਹਵੇ ! ਆਮੀਨ!
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਸੋਹਣ ਆਦੋਆਣਾ, 9779741631