ਸਿਹਤ ਵਿਭਾਗ ਦੀ ਕਰੋਨਾ ਰਿਪੋਰਟ ਤੋਂ ਰੰਧਾਵਾ ਹੈਰਾਨ

ਚੰਡੀਗੜ੍ਹ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਿਹਤ ਵਿਭਾਗ ਵੱਲੋਂ ਕੀਤੀ ਗਈ ਜਾਂਚ ’ਚ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਜਦਕਿ ਇੱਕ ਦਿਨ ਬਾਅਦ ਹੀ ਪੀਜੀਆਈ ’ਚ ਹੋਈ ਜਾਂਚ ’ਚ ਉਨ੍ਹਾਂ ਕੋਵਿਡ-19 ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਜੇਲ੍ਹ ਮੰਤਰੀ ਇਸ ਗੱਲ ਤੋਂ ਹੈਰਾਨ ਹਨ। ਨਿੱਜੀ ਲੈਬਾਰਟਰੀ ’ਚ ਰੰਧਾਵਾ ਵੱਲੋਂ ਕਰਵਾਈ ਗਈ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ।  ਸ੍ਰੀ ਰੰਧਾਵਾ ਨੇ ਕਿਹਾ ਕਿ ਉਹ ਸਿਹਤ ਅਧਿਕਾਰੀਆਂ ਦੀ ਜਾਂਚ ਰਿਪੋਰਟ ਤੋਂ ਹੈਰਾਨ ਹਨ ਕਿਉਂਕਿ ਉਨ੍ਹਾਂ ਦੀਆਂ ਦੋ ਹੋਰ ਜਾਂਚ ਰਿਪੋਰਟਾਂ ਨੈਗੇਟਿਵ ਆਈਆਂ ਹਨ। ਜ਼ਿਕਰਯੋਗ ਹੈ ਕਿ 1 ਮਾਰਚ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਸ਼ਾਮਲ ਹੋਣ ਲਈ ਸਾਰੇ ਵਿਧਾਇਕਾਂ ਤੇ ਸਬੰਧਤ ਅਧਿਕਾਰੀਆਂ ਦੀ ਕਰੋਨਾ ਜਾਂਚ ਲਾਜ਼ਮੀ ਹੈ। ਸਿਹਤ ਵਿਭਾਗ ਨੇ 25 ਫਰਵਰੀ ਨੂੰ ਰੰਧਾਵਾ ਦਾ ਨਮੂਨਾ ਐੱਮਐੱਲਏ ਹੋਸਟਲ ਤੋਂ ਜਾਂਚ ਲਈ ਲਿਆ ਸੀ।

ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਰੰਧਾਵਾ ਨੇ 27 ਫਰਵਰੀ ਨੂੰ ਨਿੱਜੀ ਲੈਬਾਰਟਰੀ ਤੋਂ ਆਪਣੀ ਜਾਂਚ ਕਰਵਾਈ। ਸਿਹਤ ਵਿਭਾਗ ਨੇ ਆਪਣੀ ਜਾਂਚ ਰਿਪੋਰਟ ’ਚ ਮੰਤਰੀ ਨੂੰ ਕਰੋਨਾ ਪਾਜ਼ੇਟਿਵ ਪਾਇਆ ਜਦਕਿ ਨਿੱਜੀ ਲੈਬਾਰਟਰੀ ਦੀ ਰਿਪੋਰਟ ਨੈਗੇਟਿਵ ਆਈ। ਇਸ ਤੋਂ ਬਾਅਦ ਮੰਤਰੀ ਨੇ ਲੰਘੀ ਸ਼ਾਮ ਪੀਜੀਆਈ ਚੰਡੀਗੜ੍ਹ ’ਚ ਤੀਜੀ ਵਾਰ ਜਾਂਚ ਕਰਵਾਈ ਜਿਸ ’ਚ ਵੀ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 

Leave a Reply

Your email address will not be published. Required fields are marked *