ਕੰਧਾਰ ਤੇ ਹੇਰਾਤ ਉੱਤੇ ਵੀ ਤਾਲਿਬਾਨ ਕਾਬਜ਼

ਕਾਬੁਲ: ਅਫ਼ਗਾਨਿਸਤਾਨ ਦੇ ਦੱਖਣੀ ਖੇਤਰ ’ਚ ਤਾਲਿਬਾਨ ਨੇ ਤਿੰਨ ਹੋਰ ਵੱਡੇ ਸ਼ਹਿਰਾਂ ਉਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਵਿਚ ਹੇਲਮੰਦ ਸੂਬੇ ਦੀ ਰਾਜਧਾਨੀ ਵੀ ਸ਼ਾਮਲ ਹੈ। ਇਹ ਸੂਬਾ ਪਿਛਲੇ ਦੋ ਦਹਾਕਿਆਂ ਤੋਂ ਖ਼ੂਨ-ਖਰਾਬੇ ਦਾ ਕੇਂਦਰ ਬਣਿਆ ਹੋਇਆ ਹੈ। ਬਾਗ਼ੀਆਂ ਨੇ ਜ਼ੋਰਦਾਰ ਹੱਲਾ ਬੋਲ ਕੇ ਰਾਜਧਾਨੀ ਕਾਬੁਲ ਨੂੰ ਇਕ ਤਰ੍ਹਾਂ ਨਾਲ ਘੇਰਾ ਹੀ ਪਾ ਲਿਆ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਤਾਲਿਬਾਨ ਨੇ ਕੰਧਾਰ ਤੇ ਹੇਰਾਤ ਵੀ ਸਰਕਾਰੀ ਕੰਟਰੋਲ ’ਚੋਂ ਖੋਹ ਲਿਆ। ਇਹ ਅਫ਼ਗਾਨਿਸਤਾਨ ਦਾ ਦੂਜਾ ਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਤਰ੍ਹਾਂ ਕਰੀਬ ਪੂਰੇ ਦੱਖਣੀ ਅਫ਼ਗਾਨਿਸਤਾਨ ’ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਜ਼ਿਕਰਯੋਗ ਹੈ ਕਿ ਹੇਲਮੰਦ ’ਚ ਅਮਰੀਕੀ, ਬਰਤਾਨਵੀ ਤੇ ਨਾਟੋ ਫ਼ੌਜਾਂ ਵੱਲੋਂ ਕਈ ਸਾਲ ਖ਼ੂਨ-ਪਸੀਨਾ ਡੋਲ੍ਹਣ ਤੋਂ ਬਾਅਦ ਵੀ ਇਹ ਸੂਬਾ ਉਨ੍ਹਾਂ ਦੇ ਹੱਥੋਂ ਨਿਕਲ ਗਿਆ ਹੈ। ਤਾਲਿਬਾਨ ਨੇ ਪਿਛਲੇ ਕੁਝ ਦਿਨਾਂ ਦੌਰਾਨ ਦਰਜਨ ਤੋਂ ਵੱਧ ਸੂਬਿਆਂ ਦੀਆਂ ਰਾਜਧਾਨੀਆਂ ਉਤੇ ਕਬਜ਼ਾ ਕਰ ਲਿਆ ਹੈ। ਕਰੀਬ ਦੋ-ਤਿਹਾਈ ਮੁਲਕ ਹੁਣ ਤਾਲਿਬਾਨ ਦੇ ਕਬਜ਼ੇ ਹੇਠ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਆਪਣੀਆਂ ਫ਼ੌਜਾਂ ਇੱਥੋਂ ਕੱਢਣ ਦੇ ਕੁਝ ਹਫ਼ਤਿਆਂ ਦੇ ਅੰਦਰ ਹੀ ਇਹ ਸਭ ਕੁਝ ਵਾਪਰ ਗਿਆ ਹੈ। ਹੇਲਮੰਦ ’ਚ ਸੂਬਾਈ ਕੌਂਸਲ ਦੇ ਮੁਖੀ ਅਤਾਉੱਲ੍ਹਾ ਅਫ਼ਗਾਨ ਨੇ ਦੱਸਿਆ ਕਿ ਤਾਲਿਬਾਨ ਨੇ ਲਸ਼ਕਰ ਗਾਹ ਉਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਆਪਣੇ ਝੰਡੇ ਸਰਕਾਰੀ ਇਮਾਰਤਾਂ ਉਤੇ ਲਹਿਰਾ ਦਿੱਤੇ ਹਨ। ਜ਼ਬੁਲ ਸੂਬੇ ਦੀ ਰਾਜਧਾਨੀ ਕਲਾਤ ਵੀ ਤਾਲਿਬਾਨ ਦੇ ਕਬਜ਼ੇ ਵਿਚ ਹੈ। ਦੱਖਣ ਵਿਚ ਹੀ ਸਥਿਤ ਉਰੁਜ਼ਗਾਨ ਦੀ ਰਾਜਧਾਨੀ ਤਿਰਿਨ ਕੋਟ ’ਤੇ ਵੀ ਹੁਣ ਤਾਲਿਬਾਨ ਦਾ ਕਬਜ਼ਾ ਹੈ। ਮੁਲਕ ਦੇ ਪੱਛਮ ਵਿਚ ਘੋਰ ਸੂਬੇ ਦੀ ਰਾਜਧਾਨੀ ਫਿਰੋਜ਼ ਕੋਹ ਉਤੇ ਵੀ ਤਾਲਿਬਾਨ ਕਾਬਜ਼ ਹੋ ਗਿਆ ਹੈ। ਡੈਨਮਾਰਕ ਮੁਲਕ ਵਿਚ ਆਪਣਾ ਦੂਤਾਵਾਸ ਆਰਜ਼ੀ ਤੌਰ ਉਤੇ ਬੰਦ ਕਰ ਰਿਹਾ ਹੈ। ਜਰਮਨੀ ਵੀ ਸਟਾਫ਼ ਘਟਾ ਰਿਹਾ ਹੈ।
ਕਾਬੁਲ ਨੂੰ ਹਾਲੇ ਸਿੱਧੇ ਤੌਰ ਉਤੇ ਤਾਂ ਕੋਈ ਖ਼ਤਰਾ ਨਹੀਂ ਹੈ ਪਰ ਬਾਕੀ ਥਾਵਾਂ ਉਤੇ ਹੋ ਰਿਹਾ ਨੁਕਸਾਨ ਤੇ ਜੰਗ ਸਰਕਾਰੀ ਕੰਟਰੋਲ ਨੂੰ ਕਮਜ਼ੋਰ ਕਰ ਰਹੇ ਹਨ। ਸੁਰੱਖਿਆ ਸਥਿਤੀ ਵਿਗੜਨ ਦੇ ਮੱਦੇਨਜ਼ਰ ਅਮਰੀਕਾ ਹੁਣ ਆਪਣੇ ਤਿੰਨ ਹਜ਼ਾਰ ਫ਼ੌਜੀਆਂ ਨੂੰ ਕਾਬੁਲ ਦੇ ਅਮਰੀਕੀ ਦੂਤਾਵਾਸ ਵਿਚੋਂ ਮੁਲਾਜ਼ਮਾਂ ਨੂੰ ਵਾਪਸ ਲਿਆਉਣ ਲਈ ਭੇਜ ਰਿਹਾ ਹੈ। ਇਸੇ ਤਰ੍ਹਾਂ ਬਰਤਾਨੀਆ ਤੇ ਕੈਨੇਡਾ ਵੀ ਵਿਸ਼ੇਸ਼ ਦਸਤੇ ਆਪਣੇ ਨਾਗਰਿਕਾਂ ਦੀ ਮਦਦ ਲਈ ਤੇ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਭੇਜ ਰਹੇ ਹਨ। ਹਜ਼ਾਰਾਂ ਅਫ਼ਗਾਨ ਨਾਗਰਿਕ ਆਪਣੇ ਘਰ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੂੰ ਡਰ ਹੈ ਕਿ ਤਾਲਿਬਾਨ ਮੁੜ ਤੋਂ ਤਾਨਾਸ਼ਾਹ ਸਰਕਾਰ ਚਲਾ ਕੇ ਔਰਤਾਂ ਦੇ ਹੱਕ ਖ਼ਤਮ ਕਰ ਦੇਵੇਗਾ ਤੇ ਜਨਤਕ ਤੌਰ ਉਤੇ ਲੋਕਾਂ ਨੂੰ ਫਾਹੇ ਲਾਵੇਗਾ।