ਸੰਯੁਕਤ ਰਾਸ਼ਟਰ ਵੱਲੋਂ ਤਾਲਿਬਾਨ ਨੂੰ ਆਪਣੇ ‘ਵਾਅਦੇ’ ਪੁਗਾਉਣ ਦੀ ਅਪੀਲ

ਜਨੇਵਾ: ਸੰਯੁਕਤ ਰਾਸ਼ਟਰ ਨੇ ਤਾਲਿਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ‘ਵਾਅਦੇ’ ਪੁਗਾਵੇ ਤੇ ਇਕਰਾਰ ਤਹਿਤ ਅਫ਼ਗ਼ਾਨਿਸਤਾਨ ਵਿੱਚ ਸਾਬਕਾ ਸਰਕਾਰੀ ਮੁਲਾਜ਼ਮਾਂ ਨੂੰ ਮੁਆਫ਼ ਕਰੇ, ਔਰਤਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੇ ਨਾਲ ਕੁੜੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਦੇਵੇ। ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਦਫ਼ਤਰ ਦੇ ਤਰਜਮਾਨ ਰੁਪਰਟ ਕੋਲਵਿਲੇ ਨੇ ਜਨੇਵਾ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਤਾਲਿਬਾਨ ਨੇ ਕਈ ਬਿਆਨ ਦਿੱਤੇ ਹਨ, ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਭਰੋਸੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਲ ਆਲਮ ਤਾਲਿਬਾਨ ਦੀਆਂ ਕਾਰਵਾਈਆਂ ਦੀ ਘੋਖ ਕਰੇਗਾ। ਕੋਲਵਿਲੇ ਨੇ ਕਿਹਾ, ‘‘ਪਰ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ ਕਿਉਂਕਿ ਉਨ੍ਹਾਂ (ਤਾਲਿਬਾਨ) ਦੀ ਕਥਨੀ ਨਾਲੋਂ ਉਨ੍ਹਾਂ ਦੀ ਕਰਨੀ ਬਹੁਤ ਕੁਝ ਬੋਲਦੀ ਹੈ।’’ ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਤਾਲਿਬਾਨ ਆਪਣੇ ਕੀਤੇ ਕੌਲਾਂ-ਕਰਾਰਾਂ ਦਾ ਸਤਿਕਾਰ ਕਰੇ। ਉਨ੍ਹਾਂ ਦੇ ਬੀਤੇ ਇਤਿਹਾਸ ਨੂੰ ਵੇਖਦਿਆਂ ਇਕ ਗੱਲ ਤਾਂ ਸਮਝ ਆਉਂਦੀ ਹੈ ਕਿ ਉਨ੍ਹਾਂ ਵੱਲੋਂ ਕੀਤੇ ਐਲਾਨਾਂ ਨਾਲ ਕੁਝ ਸ਼ੰਕੇ ਵੀ ਜੁੜੇ ਹੋਏ ਹਨ। ਤਰਜਮਾਨ ਨੇ ਯੂਐੱਨ ਦੇ ਮੈਂਬਰ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਤਾਲਿਬਾਨ ਨਾਲ ਆਪਣੇ ਅਸਰ ਰਸੂਖ਼ ਦੀ ਵਰਤੋਂ ਕਰਦਿਆਂ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ।

Leave a Reply

Your email address will not be published. Required fields are marked *