ਦਿੱਲੀ ਸਿੱਖ ਗੁਰਦੁਆਰਾ ਚੋਣਾਂ ਅਮਨ-ਅਮਾਨ ਨਾਲ ਸਿਰੇ ਚੜ੍ਹੀਆਂ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਵੋਟਿੰਗ ਦਾ ਅਮਲ ਅੱਜ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈ ਵੋਟਿੰਗ ਦੌਰਾਨ ਸਿੱਖ ਵੋਟਰਾਂ ਨੇ 312 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬੈਲੇਟ ਬਕਸਿਆਂ ਵਿੱਚ ਬੰਦ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਹਨ। ਸਾਰੇ ਵਾਰਡਾਂ ਵਿੱਚ ਕੁੱਲ 37.27 ਫੀਸਦ ਵੋਟਾਂ ਪਈਆਂ ਹਨ। ਪੰਜਾਬੀ ਬਾਗ਼ ਹਲਕੇ ਵਿੱਚ ਸਭ ਤੋਂ ਵੱਧ 54.10 ਫੀਸਦ ਪੋਲਿੰਗ ਹੋਈ ਜਦੋਂਕਿ ਸਭ ਤੋਂ ਘੱਟ ਵੋਟ ਫ਼ੀਸਦ 25.18% ਸ਼ਾਮ ਨਗਰ ਵਿੱਚ ਰਿਹਾ।

ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਿੱਖ ਵੋਟਰਾਂ ਨੇ 546 ਪੋਲਿੰਗ ਬੂਥਾਂ ਉਪਰ ਜਾ ਕੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ। ਇਸ ਵਾਰ ਸੂਚੀਆਂ ’ਚ 80 ਫੀਸਦ ਸਿੱਖ ਵੋਟਾਂ ਤਸਵੀਰ ਨਾਲ ਛਾਪੀਆਂ ਗਈਆਂ ਜਿਸ ਕਰਕੇ ਜਾਅਲੀ ਵੋਟਾਂ ਭੁਗਤਾਉਣਾ ਔਖਾ ਹੋਇਆ। ਚੋਣ ਨਤੀਜੇ 25 ਅਗਸਤ ਨੂੰ ਆਉਣਗੇ। ਚੋਣ ਬੋਰਡ ਵੱਲੋਂ 46 ਵਾਰਡਾਂ ਲਈ 23 ਨਿਗਰਾਨ ਨਿਯੁਕਤ ਕੀਤੇ ਗਏ ਸਨ। ਹਰੇਕ ਨਿਗਰਾਨ ਨੂੰ ਦੋ ਵਾਰਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਰੱਖੜੀ ਦਾ ਤਿਓਹਾਰ ਹੋਣ ਕਰਕੇ ਸਵੇਰੇ ਵੋਟਾਂ ਪਾਉਣ ਦਾ ਅਮਲ ਸੁਸਤ ਰਫ਼ਤਾਰ ਨਾਲ ਸ਼ੁਰੂ ਹੋਇਆ। ਸਵੇਰੇ 11 ਵਜੇ ਤੱਕ 8.73 ਫ਼ੀਸਦੀ ਵੋਟਾਂ ਹੀ ਪਈਆਂ ਸਨ। ਸ਼ਾਮ ਤਿੰਨ ਵਜੇ ਤੱਕ 33 ਫੀਸਦ ਵੋਟਾਂ ਭੁਗਤੀਆਂ। ਦਿੱਲੀ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਮੀਂਹ ਪੈਣ ਕਰਕੇ ਵੀ ਵੋਟਾਂ ਪਾਉਣ ਦੇ ਕੰਮ ਵਿੱਚ ਖਲਲ ਪਿਆ। ਬਾਅਦ ਦੁਪਹਿਰ ਹੁੰਮਸ ਭਰੀ ਗਰਮੀ ਨੇ ਵੀ ਲੋਕਾਂ ਨੂੰ ਸਤਾਇਆ।

ਮੁੱਖ ਮੁਕਾਬਲਾ ਬਾਦਲ ਧੜੇ ਤੇ ਅਕਾਲੀ ਦਲ (ਦਿੱਲੀ) ਦਰਮਿਆਨ

ਚੋਣਾਂ ਦੌਰਾਨ ਇਸ ਵਾਰ ਮੁੱਖ ਮੁਕਾਬਲਾ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਥੀਆਂ, ਪੰਥਕ ਸੇਵਾ ਦਲ, ਜਾਗੋ ਦਰਮਿਆਨ ਰਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਇਸ ਧੜੇ ਨੇ ਆਪਣੇ ਕੰਮਾਂ ਦੇ ਜ਼ੋਰ ’ਤੇ ਸਿੱਖ ਵੋਟਰਾਂ ਤੱਕ ਪਹੁੰਚ ਬਣਾਉਣ ਦੀ ਨੀਤੀ ਉਪਰ ਅਮਲ ਕੀਤਾ। ਵਿਰੋਧੀ ਧਿਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਬਾਦਲ ਧੜੇ ਨੂੰ ਬੇਅਦਬੀ ਤੇ ਹੋਰ ਮੁੱਦਿਆਂ ’ਤੇ ਰਗੜੇ ਲਾਏ ਗਏ। ‘ਆਪ’ ਨਾਲ ਜੁੜੇ ਸਿੱਖ ਵੋਟਰ ਸਰਨਾ ਧੜੇ ਤੇ ਭਾਜਪਾ ਪੱਖੀ ਸਿੱਖ ਮਨਜੀਤ ਜੀਕੇ ਦੇ ਉਮੀਦਵਾਰਾਂ ਦਾ ਸਮਰਥਨ ਕਰਦੇ ਨਜ਼ਰ ਆਏ। ਐਤਕੀਂ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਕਈ ਜਾਅਲੀ, ਮਰ ਚੁੱਕੇ ਵੋਟਰਾਂ ਦੀਆਂ ਜਾਂ ਦੋਹਰੀਆਂ ਵੋਟਾਂ ਕੱਟ ਦਿੱਤੇ ਜਾਣ ਕਰਕੇ 3.42 ਲੱਖ ਸਿੱਖ ਵੋਟਰ ਦਿੱਲੀ ਵਿੱਚ ਰਹਿ ਗਏ ਹਨ। 2017 ਵਿੱਚ 3.86 ਲੱਖ ਵੋਟਰ ਸਨ। ਪਿਛਲੀਆਂ 2017 ਦੀਆਂ ਚੋਣਾਂ ਦੌਰਾਨ 45 ਫੀਸਦ ਵੋਟਾਂ ਪੋਲ ਹੋਈਆਂ ਸਨ।

Leave a Reply

Your email address will not be published. Required fields are marked *