ਅਮਰੀਕਾ ਨੇ ਵਾਪਸੀ ਲਈ ਉਡਾਣਾਂ ਵਧਾਈਆਂ

ਕਾਬੁਲ: ਕਾਬੁਲ ਦੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ ਰਾਕੇਟ ਅੱਜ ਨੇੜੇ ਸਥਿਤ ਘਰਾਂ ਉਤੇ ਡਿੱਗ ਗਏ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਭਲਕੇ ਅਮਰੀਕੀ ਫ਼ੌਜਾਂ ਦੇ ਅਫ਼ਗਾਨਿਸਤਾਨ ਵਿਚੋਂ ਨਿਕਲਣ ਦੀ ਆਖ਼ਰੀ ਤਰੀਕ ਹੈ। ਹਾਲਾਂਕਿ ਰਾਕੇਟ ਹਮਲਿਆਂ ਦੇ ਬਾਵਜੂਦ ਅਮਰੀਕੀ ਸੀ-17 ਕਾਰਗੋ ਜੈੱਟ ਹਾਮਿਦ ਕਰਜ਼ਾਈ ਕੌਮਾਂਤਰੀ ਹਵਾਈ ਅੱਡੇ ਤੋਂ ਲਗਾਤਾਰ ਉਡ ਰਹੇ ਹਨ ਤੇ ਲੈਂਡ ਵੀ ਕਰ ਰਹੇ ਹਨ। ਕਿਸੇ ਵੀ ਗਰੁੱਪ ਨੇ ਹਾਲੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਹਵਾਈ ਅੱਡੇ ਦੇ ਗੇਟਾਂ ਉਤੇ ਫਿਦਾਈਨ ਹਮਲਾ ਕੀਤਾ ਸੀ। ਇਸ ਵਿਚ 169 ਅਫ਼ਗਾਨ ਤੇ 13 ਅਮਰੀਕੀ ਸੈਨਿਕ ਮਾਰੇ ਗਏ ਸਨ। ਕਾਬੁਲ ਹਵਾਈ ਅੱਡਾ ’ਤੇ ਪਿਛਲੇ ਦੋ ਹਫ਼ਤਿਆਂ ਤੋਂ ਅਫਰਾ-ਤਫਰੀ ਦਾ ਮਾਹੌਲ ਹੈ। ਵੱਡੀ ਗਿਣਤੀ ਲੋਕ ਦੇਸ਼ ਛੱਡਣ ਲਈ ਕਾਹਲੇ ਹਨ। ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਯਕੀਨ ਨਾਲ ਕਿਹਾ ਹੈ ਕਿ ਭਲਕ ਤੱਕ ਅਮਰੀਕਾ ਅਫ਼ਗਾਨਿਸਤਾਨ ਵਿਚ ਰਹਿੰਦੇ ਆਪਣੇ 300 ਨਾਗਰਿਕਾਂ ਨੂੰ ਕੱਢ ਲਏਗਾ। ਫਿਦਾਈਨ ਹਮਲੇ ਤੋਂ ਬਾਅਦ ਤਾਲਿਬਾਨ ਨੇ ਹਵਾਈ ਅੱਡੇ ਉਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਉਨ੍ਹਾਂ ਦੇ ਲੜਾਕੇ ਹਵਾਈ ਪੱਟੀ ਨੇੜੇ ਸਥਿਤ ਆਖ਼ਰੀ ਕੰਧ ਲਾਗੇ ਗਸ਼ਤ ਕਰ ਰਹੇ ਹਨ। ਰਾਕੇਟ ਹਮਲਿਆਂ ਲਈ ਇਕ ਵਾਹਨ ਦੀ ਵਰਤੋਂ ਕੀਤੀ ਗਈ ਜੋ ਕਿ ਕਾਬੁਲ ਦੇ ਚਾਹਰ-ਏ-ਸ਼ਹੀਦ ਇਲਾਕੇ ਵਿਚ ਮਿਲੀ ਹੈ। ਗੱਡੀ ਦੀਆਂ ਪਿਛਲੀਆਂ ਸੀਟਾਂ ਉਤੇ ਛੇ ਰਾਕੇਟ ਟਿਊਬਾਂ ਲਾਈਆਂ ਗਈਆਂ ਸਨ। ਵੇਰਵਿਆਂ ਮੁਤਾਬਕ ਇਸਲਾਮਿਕ ਸਟੇਟ ਤੇ ਹੋਰ ਅਤਿਵਾਦੀ ਸੰਗਠਨ ਇਸੇ ਤਰ੍ਹਾਂ ਵਾਹਨਾਂ ਵਿਚ ਟਿਊਬਾਂ ਲਾ ਕੇ ਰਾਕੇਟਾਂ ਨੂੰ ਨਿਸ਼ਾਨੇ ਦੇ ਕੋਲ ਲੈ ਜਾਂਦੇ ਹਨ ਤੇ ਹਮਲੇ ਨੂੰ ਅੰਜਾਮ ਦਿੰਦੇ ਹਨ। ਰਾਕੇਟ ਕਾਬੁਲ ਦੇ ਸਲੀਮ ਕਾਰਵਾਂ ਇਲਾਕੇ ਵਿਚ ਵੀ ਡਿਗੇ ਹਨ। ਇਹ ਰਿਹਾਇਸ਼ੀ ਇਲਾਕਾ ਹੈ ਤੇ ਹਵਾਈ ਅੱਡੇ ਤੋਂ ਤਿੰਨ ਕਿਲੋਮੀਟਰ ਦੂਰ ਹੈ। ਵਾਸ਼ਿੰਗਟਨ ਵਿਚ ਵਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਹਮਲੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਮੁੜ ਦੁਹਰਾਇਆ ਹੈ ਕਿ ਕਮਾਂਡਰਾਂ ਨੂੰ ਜੋ ਵੀ ਜ਼ਰੂਰੀ ਲੱਗਦਾ ਹੈ, ਉਸ ਲਈ ਦੁੱਗਣੇ ਯਤਨ ਕਰਨ ਦੀ ਖੁੱਲ੍ਹ ਹੈ ਤਾਂ ਕਿ ਅਮਰੀਕੀ ਬਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਕਾਬੁਲ ਹਵਾਈ ਅੱਡੇ ’ਤੇ ਹਰ 20 ਮਿੰਟ ਵਿਚ ਇਕ ਜਹਾਜ਼ ਉਡਾਣ ਭਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬਹੁਤੇ ਦੇਸ਼ ਆਪਣੇ ਮਿਸ਼ਨ ਅਫ਼ਗਾਨਿਸਤਾਨ ਵਿਚ ਖ਼ਤਮ ਕਰ ਚੁੱਕੇ ਹਨ ਤੇ ਹੁਣ ਬਸ ਅਮਰੀਕੀ ਫ਼ੌਜ ਹੀ ਉਡਾਣਾਂ ਭਰ ਰਹੀ ਹੈ। ਇਕ ਅਫ਼ਗਾਨ ਅਧਿਕਾਰੀ ਨੇ ਅੱਜ ਦੱਸਿਆ ਕਿ ਐਤਵਾਰ ਅਮਰੀਕੀ ਫ਼ੌਜ ਵੱਲੋਂ ਇਸਲਾਮਿਕ ਸਟੇਟ ਦੇ ਫਿਦਾਈਨ ਦੇ ਵਾਹਨ ਉਤੇ ਕੀਤੇ ਗਏ ਡਰੋਨ ਹਮਲੇ ਵਿਚ ਤਿੰਨ ਬੱਚੇ ਵੀ ਮਾਰੇ ਗਏ ਹਨ। ਅਮਰੀਕੀ ਜਲ ਸੈਨਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਸ ’ਤੇ ਅਫ਼ਸੋਸ ਜ਼ਾਹਿਰ ਕੀਤਾ ਹੈ। ਦੱਸਣਯੋਗ ਹੈ ਕਿ ਭਲਕ ਤੱਕ ਅਮਰੀਕਾ 114,000 ਅਫ਼ਗਾਨਾਂ ਤੇ ਵਿਦੇਸ਼ੀਆਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢ ਚੁੱਕਾ ਹੋਵੇਗਾ। ਇਹ ਮੁਹਿੰਮ ਦੋ ਹਫ਼ਤੇ ਚੱਲੀ ਹੈ ਤੇ 20 ਸਾਲ ਜੰਗ ਲੜਨ ਤੋਂ ਬਾਅਦ ਭਲਕੇ ਅਮਰੀਕਾ ਅਫ਼ਗਾਨਿਸਤਾਨ ਨੂੰ ਅਲਵਿਦਾ ਕਹਿ ਦੇਵੇਗਾ। ਅਫ਼ਗਾਨੀ ਲੋਕ ਅਜੇ ਵੀ ਡਰੇ ਹੋਏ ਹਨ ਕਿ ਅਮਰੀਕਾ ਦੇ ਜਾਣ ਤੋਂ ਬਾਅਦ ਤਾਲਿਬਾਨ ਆਪਣਾ ਪਹਿਲਾਂ ਵਾਲਾ ਕਠੋਰ ਰਵੱਈਆ ਅਪਣਾ ਲਏਗਾ ਤੇ ਮਨੁੱਖੀ ਹੱਕਾਂ ਦਾ ਘਾਣ ਹੋਵੇਗਾ।

ਆਖ਼ਰੀ ਸੂਚਨਾ ਮਿਲਣ ਤੱਕ ਕਾਬੁਲ ਹਵਾਈ ਅੱਡੇ ਤੋਂ ਅਮਰੀਕਾ ਦਾ ਅੰਤਿਮ ਜਹਾਜ਼ ਉਡਾਣ ਭਰਨ ਲਈ ਤਿਆਰ ਸੀ ਤੇ ਲਗਭਗ ‘ਦੂਤਾਵਾਸ ਦਾ ਪੂਰਾ ਸਟਾਫ਼’ ਸੋਮਵਾਰ ਉੱਥੋਂ ਨਿਕਲ ਗਿਆ ਹੈ। ਤਾਲਿਬਾਨ ਇਸਮਾਲਿਕ ਸਟੇਟ (ਖੋਰਾਸਾਨ ਸੂਬਾ) ਖ਼ਿਲਾਫ਼ ਵੀ ਕਾਰਵਾਈ ਕਰ ਰਿਹਾ ਹੈ। ਰੂਸ ਦੇ ਰਾਜਦੂਤ ਮੁਤਾਬਕ ਆਈਐੱਸਕੇਪੀ ਦੇ ਦੋ ਅਤਿਵਾਦੀਆਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀਆਂ ਕਾਬੁਲ ਵਿਚ ਹੋਏ ਹਮਲੇ ਮਗਰੋਂ ਹੋਈਆਂ ਹਨ ਜਿਸ ਦੀ ਜ਼ਿੰਮੇਵਾਰੀ ਆਈਐੱਸ ਨੇ ਲਈ ਸੀ। ਗ੍ਰਿਫ਼ਤਾਰ ਅਤਿਵਾਦੀ ਮਲੇਸ਼ੀਆ ਦੇ ਨਾਗਰਿਕ ਹਨ। ਅੱਜ ਤਾਲਿਬਾਨ ਤੇ ਕਾਰਜਕਾਰੀ ਉੱਚ ਸਿੱਖਿਆ ਮੰਤਰੀ ਅਬਦੁਲ ਬਕੀ ਹੱਕਾਨੀ ਨੇ ਕਿਹਾ ਕਿ ਲੜਕੀਆਂ ਲਈ ਸਕੂਲਾਂ-ਕਾਲਜਾਂ ਵਿਚ ਵੱਖਰੇ ਕਲਾਸਰੂਮ ਹੋਣਗੇ। ਉਨ੍ਹਾਂ ਨੂੰ ਪੜ੍ਹਨ ਦਾ ਪੂਰਾ ਹੱਕ ਹੋਵੇਗਾ।

Leave a Reply

Your email address will not be published. Required fields are marked *